ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 2 ਕਰੋੜ ਰੁਪਏ ਦੀ ਨਕਦੀ, ਨਸ਼ੀਲੇ ਪਦਾਰਥ, ਸ਼ਰਾਬ ਅਤੇ ਹੋਰ ਜ਼ਬਤ*
- by News & Facts 24
- 22 Mar, 24
*- ਲੁਧਿਆਣਾ ਜ਼ਿਲ੍ਹੇ 'ਚ 9360 ਪੋਸਟਰ, ਹੋਰਡਿੰਗ, ਬੈਨਰ ਹਟਾਏ ਗਏ*
*- ਪ੍ਰਸ਼ਾਸਨ ਵੱਲੋਂ ਐਨ.ਜੀ.ਐਸ.ਪੀ. ਪੋਰਟਲ ਅਤੇ ਸੀ-ਵਿਜੀਲ 'ਤੇ ਦਸਤੀ ਮਿਲੀਆਂ 94 ਫ਼ੀਸਦ ਸ਼ਿਕਾਇਤਾਂ ਦਾ ਨਿਪਟਾਰਾ
*ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ, ਐਸ.ਐਸ.ਪੀਜ਼ ਅਮਨੀਤ ਕੋਂਡਲ ਅਤੇ ਨਵਨੀਤ ਸਿੰਘ ਬੈਂਸ ਨੇ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਲੋਕ ਸਭਾ ਚੋਣਾਂ ਲਈ ਵਚਨਬੱਧਤਾ ਦੁਹਰਾਈ*
ਲੁਧਿਆਣਾ, 22 ਮਾਰਚ
ਜਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਵੱਲੋਂ 16 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕਰੀਬ 2 ਕਰੋੜ ਰੁਪਏ ਦੀ ਨਕਦੀ, ਨਸ਼ੀਲੇ ਪਦਾਰਥ, ਸ਼ਰਾਬ ਅਤੇ ਕੀਮਤੀ ਧਾਤਾਂ ਦੀ ਬਰਾਮਦਗੀ ਕੀਤੀ ਹੈ।
ਨਿਗਰਾਨ ਟੀਮਾਂ ਵੱਲੋਂ 40 ਲੱਖ ਰੁਪਏ ਦੀ ਨਕਦੀ, 1.48 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 18.14 ਲੱਖ ਰੁਪਏ ਦੀ ਸ਼ਰਾਬ ਅਤੇ ਹੋਰ ਵਸਤਾਂ ਬਰਾਮਦ ਕੀਤੀਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਸ.ਐਸ.ਪੀ. ਖੰਨਾ ਅਮਨੀਤ ਕੋਂਡਲ, ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਨਵਨੀਤ ਸਿੰਘ ਬੈਂਸ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੈਜਿਸਟਰੇਟ, ਪੁਲਿਸ ਮੁਲਾਜ਼ਮਾਂ ਸਮੇਤ ਕੁੱਲ 126 ਫਲਾਇੰਗ ਸਕੁਐਡ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਨੂੰ ਕੰਟਰੋਲ ਰੂਮ ਨੂੰ ਰੀਅਲ-ਟਾਈਮ ਫੀਡ ਯਕੀਨੀ ਬਣਾਉਣ ਅਤੇ ਜ਼ਮੀਨੀ ਪੱਧਰ 'ਤੇ ਪੂਰੀ ਨਿਗਰਾਨੀ ਰੱਖਣ ਲਈ ਕੈਮਰਿਆਂ ਨਾਲ ਲੈਸ ਵਾਹਨ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ 9360 ਹੋਰਡਿੰਗਜ਼, ਬੈਨਰ, ਪੋਸਟਰ ਹਟਾਏ ਗਏ ਜਿਨ੍ਹਾਂ ਵਿੱਚ 5376 ਜਨਤਕ ਅਤੇ 3984 ਨਿੱਜੀ ਜਾਇਦਾਦਾਂ 'ਤੇ ਸ਼ਾਮਲ ਸਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਐਨ.ਜੀ.ਐਸ.ਪੀ. ਪੋਰਟਲ ਅਤੇ ਸੀ-ਵਿਜੀਲ 'ਤੇ ਦਸਤੀ ਤੌਰ 'ਤੇ ਪ੍ਰਾਪਤ ਹੋਈਆਂ 94 ਫੀਸਦ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਅਸਲਾ ਲਾਇਸੈਂਸ ਧਾਰਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ 31 ਮਾਰਚ ਤੱਕ ਆਪਣੇ ਲਾਇਸੈਂਸਸ਼ੁਦਾ ਹਥਿਆਰ ਅਤੇ ਅਸਲਾ ਨਜ਼ਦੀਕੀ ਪੁਲਿਸ ਸਟੇਸ਼ਨ ਵਿਖੇ ਜਮ੍ਹਾ ਕਰਵਾਉਣ। ਕੋਈ ਵੀ ਵਿਅਕਤੀ ਜੋ ਬੇਬਸੀ ਕਰਕੇ ਛੋਟ ਦੀ ਮੰਗ ਕਰਨਾ ਚਾਹੁੰਦਾ ਹੈ, ਲਈ ਸਕਰੀਨਿੰਗ ਕਮੇਟੀ ਕੋਲ ਅਰਜ਼ੀ ਦੇ ਸਕਦਾ ਹੈ ਅਤੇ ਉਸਦੀ ਜ਼ਮੀਨੀ ਪੱਧਰ 'ਤੇ ਸਮੀਖਿਆ ਕੀਤੀ ਜਾਵੇਗੀ। ਅਜਿਹੀ ਸਥਿਤੀ ਵਿੱਚ ਸਕ੍ਰੀਨਿੰਗ ਕਮੇਟੀ ਦੁਆਰਾ ਤਰਜੀਹੀ ਤੌਰ 'ਤੇ 24 ਘੰਟਿਆਂ ਦੇ ਅੰਦਰ ਫੈਸਲਾ ਕੀਤਾ ਜਾਵੇਗਾ। ਇਸ ਹੁਕਮ ਦੀ ਪਾਲਣਾ ਨਾ ਕਰਨ 'ਤੇ ਭਾਰਤੀ ਦੰਡਾਵਲੀ ਦੀਆਂ ਉਚਿਤ ਧਾਰਾਵਾਂ ਅਤੇ ਹੋਰ ਸਬੰਧਤ ਕਾਨੂੰਨਾਂ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੇਡ ਨਿਊਜ਼ ਅਤੇ ਇਸ਼ਤਿਹਾਰੀ ਸਮੱਗਰੀ 'ਤੇ ਵੀ ਪੂਰੀ ਨਜ਼ਰ ਰੱਖੇਗਾ। ਉਨ੍ਹਾਂ ਅੱਗੇ ਕਿਹਾ ਕਿ ਐਮ.ਸੀ.ਐਮ. ਕਮੇਟੀ ਨਿਊਜ਼ ਚੈਨਲਾਂ/ਸੋਸ਼ਲ ਮੀਡੀਆ ਦੇ ਨਾਲ-ਨਾਲ ਅਖਬਾਰਾਂ ਵਿੱਚ ਖਬਰਾਂ ਦੀ ਸਮੱਗਰੀ ਦੀ ਨੇੜਿਓਂ ਨਿਗਰਾਨੀ ਕਰੇਗੀ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਨੇ ਹੁਣ ਪੋਲਿੰਗ ਦਿਨ ਦੀ ਕਵਰੇਜ ਵਿੱਚ ਲੱਗੇ ਅਧਿਕਾਰਤ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਉਣ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਹ ਸਹੂਲਤ ਸਿਰਫ਼ ਉਨ੍ਹਾਂ ਪੱਤਰਕਾਰਾਂ ਨੂੰ ਹੀ ਮਿਲੇਗੀ ਜਿਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਕਾਰਜਾਂ ਦੀ ਕਵਰੇਜ ਲਈ ਅਧਿਕਾਰ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰਕਾਰਾਂ ਨੂੰ ਆਪਣਾ ਅਧਿਕਾਰ ਪੱਤਰ ਨੱਥੀ ਕਰਕੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਲਈ ਅਪਲਾਈ ਕਰਨਾ ਹੋਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਲੁਧਿਆਣਾ ਵਿੱਚ ਪਾਰਦਰਸ਼ੀ, ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਕਿਹਾ ਕਿ ਚੋਣਾਂ ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣਾ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ ਅਤੇ ਇਸ ਵਿਸ਼ਾਲ ਕਾਰਜ ਨੂੰ ਬੇਰੋਕ ਨੇਪਰੇ ਚਾੜ੍ਹਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇਸ਼ ਦੀਆਂ ਸਭ ਤੋਂ ਵੱਡੀਆਂ ਕਵਾਇਦਾਂ ਵਿੱਚੋਂ ਇੱਕ ਹਨ, ਜਿਸ ਵਿੱਚ ਸਮਾਜ ਦਾ ਹਰ ਵਰਗ ਪ੍ਰਸ਼ਾਸਨ ਤੋਂ ਇਸ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦਾ ਆਸ ਰੱਖਦਾ ਹੈ।
ਐਸ.ਐਸ.ਪੀ. ਖੰਨਾ ਅਮਨੀਤ ਕੋਂਡਲ ਅਤੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਨਵਨੀਤ ਸਿੰਘ ਬੈਂਸ ਨੇ ਵੀ ਕਿਹਾ ਕਿ ਹਰ ਅਧਿਕਾਰੀ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਏ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਵਿਅਕਤੀ ਨੂੰ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਵਿਅਕਤੀ ਚੋਣਾਂ ਵਿੱਚ ਖਲਲ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖ਼ਿਲਾਫ਼ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ, ਅਨਮੋਲ ਸਿੰਘ ਧਾਲੀਵਾਲ, ਰੁਪਿੰਦਰ ਪਾਲ ਸਿੰਘ, ਏ.ਸੀ.ਏ. ਗਲਾਡਾ ਓਜਸਵੀ ਅਲੰਕਾਰ, ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਐਸ.ਡੀ.ਐਮਜ਼ ਵਿਕਾਸ ਹੀਰਾ, ਗੁਰਬੀਰ ਸਿੰਘ ਕੋਹਲੀ, ਬਲਜਿੰਦਰ ਸਿੰਘ ਢਿੱਲੋਂ, ਦੀਪਕ ਭਾਟੀਆ, ਰਜਨੀਸ਼ ਅਰੋੜਾ, ਬੇਅੰਤ ਸਿੰਘ ਸਿੱਧੂ, ਗਲਾਡਾ ਦੇ ਅਸਟੇਟ ਅਫਸਰ ਅੰਕੁਰ ਮਹਿੰਦਰੂ, ਸੰਯੁਕਤ ਨਗਰ ਨਿਗਮ ਕਮਿਸ਼ਨਰ ਨਵਨੀਤ ਕੌਰ ਬੱਲ, ਚੇਤਨ ਬੰਗੜ, ਆਰ.ਟੀ.ਏ. ਰਣਦੀਪ ਹੀਰ, ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ ਅਤੇ ਹੋਰ ਹਾਜ਼ਰ ਸਨ।