ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਭਾਜਪਾ ਦਾ ਸੰਕਲਪ ਪੱਤਰ ਕੀਤਾ ਜਾਰੀ
- by News & Facts 24
- 15 Apr, 24
ਕਿਹਾ, ਝੂਠੇ ਵਾਅਦਿਆਂ ਤੋਂ ਦੂਰ ਇਹ ਇਕ ਵਿਕਾਸ ਕੇਂਦਰਿਤ ਅਤੇ ਦੂਰਦਰਸ਼ੀ ਮੈਨੀਫੈਸਟੋ ਹੈ
ਆਪਣੀ ਮਜ਼ਬੂਤ ਇੱਛਾ ਸ਼ਕਤੀ ਅਤੇ ਲੀਡਰਸ਼ਿਪ ਨਾਲ ਸਿਰਫ਼ ਪ੍ਰਧਾਨ ਮੰਤਰੀ ਮੋਦੀ ਹੀ ਸਾਡੇ ਦੇਸ਼ ਦੀ ਅਗਵਾਈ ਕਰ ਸਕਦੇ ਹਨ: ਪ੍ਰਨੀਤ ਕੌਰ
ਪਟਿਆਲਾ, 15 ਅਪਰੈਲ
ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਪਟਿਆਲਾ ਦਫ਼ਤਰ ਵਿਖੇ ਭਾਰਤੀ ਜਨਤਾ ਪਾਰਟੀ ਦਾ ਸੰਕਲਪ ਪੱਤਰ (ਮੈਨੀਫੈਸਟੋ) ਜਾਰੀ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਅਤੇ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ, ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਅਤੇ ਭਾਜਪਾ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ।
ਸੰਕਲਪ ਪੱਤਰ ਲਾਂਚ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, " ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਸੰਕਲਪ ਪੱਤਰ ਸੱਚਮੁੱਚ ਦੂਰਅੰਦੇਸ਼ੀ ਅਤੇ ਵਿਕਾਸ ਕੇਂਦਰਿਤ ਹੈ। ਸਾਡਾ ਚੋਣ ਮਨੋਰਥ ਪੱਤਰ ਭਾਰਤ ਨੂੰ ਅੱਗੇ ਵਧਾਉਣ 'ਤੇ ਕੇਂਦਰਿਤ ਹੈ ਅਤੇ ਸਾਡੇ ਦੇਸ਼ ਨੂੰ ਵਿਕਸਿਤ ਭਾਰਤ 2047 ਵੱਲ ਲੈਕੇ ਜਾਵੇਗਾ ਅਤੇ ਇਹ ਕਿਸੇ ਵੀ ਫਰਜ਼ੀ ਵਾਅਦਿਆਂ ਤੋਂ ਬਿਨਾਂ ਪੂਰੀ ਤਰ੍ਹਾਂ ਵਾਸਤਵਿਕ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਸੰਕਲਪ ਪੱਤਰ ਸਮਾਜ ਦੇ ਹਰ ਵਰਗ ਨੂੰ ਕਵਰ ਕਰਦਾ ਹੈ ਜੋ ਮੁੱਖ ਤੌਰ 'ਤੇ 15 ਸ਼੍ਰੇਣੀਆਂ 'ਤੇ ਧਿਆਨ ਕੇਂਦ੍ਰਤ ਕਰਦਾ ਹੈ। ਭਾਵੇਂ ਇਹ ਸਾਡੀਆਂ ਔਰਤਾਂ ਹੋਣ ਜਿਵੇਂ ਕਿ ਲਖਪਤੀ ਦੀਦੀ, ਨਾਰੀ ਸ਼ਕਤੀ ਵੰਦਨ ਅਧਿਨਿਯਮ ਵਰਗੀਆਂ ਯੋਜਨਾਵਾਂ ਜਾਂ ਇਹ ਈ-ਸ਼ਰਮਿਕ ਸਕੀਮ ਨਾਲ ਸਾਡੇ ਕਾਮੇ ਹੋਣ, ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 60 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਕਵਰ ਕਰਕੇ ਭਾਰਤੀ ਜਨਤਾ ਪਾਰਟੀ ਨੇ ਸਭ ਦਾ ਧਿਆਨ ਰੱਖਿਆ ਹੈ। ਇਹ ਸਿਰਫ ਪ੍ਰਧਾਨ ਮੰਤਰੀ ਮੋਦੀ ਜੀ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਅਗਵਾਈ ਹੀ ਹੈ ਜੌ ਸਾਡੇ ਦੇਸ਼ ਨੂੰ ਅੱਗੇ ਲੈ ਜਾ ਸਕਦੀ ਹੈ।"
ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ 'ਤੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਪ੍ਰਨੀਤ ਕੌਰ ਨੇ ਕਿਹਾ, "ਕਿਸਾਨਾਂ ਲਈ 5 ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਪੇਸ਼ਕਸ਼ ਕੇਂਦਰੀ ਪੈਨਲ ਦੁਆਰਾ ਅਜੇ ਵੀ ਮੇਜ਼ 'ਤੇ ਹੈ, ਸਾਡੇ ਕਿਸਾਨਾਂ ਨੂੰ ਇਹ ਫੈਸਲਾ ਕਰਨ ਦੀ ਜ਼ਰੂਰਤ ਹੈ ਕਿ ਉਹ ਕਿਹੜੀਆਂ ਫਸਲਾਂ ਬੀਜਣ ਜਾ ਰਹੇ ਹਨ ਅਤੇ ਮੈਂ ਨਿੱਜੀ ਤੌਰ 'ਤੇ ਉਨ੍ਹਾਂ ਫ਼ਸਲਾਂ ਦੇ ਐਮ ਐਸ ਪੀ ਲਈ ਹਮਾਇਤ ਕਰਾਂਗੀ। ਪਰ ਸਾਰੀ ਫ਼ਸਲਾਂ ਤੇ ਐਮਐਸਪੀ ਪ੍ਰਦਾਨ ਕਰਨਾ ਬਹੁਤ ਮੁਸ਼ਕਲ ਹੈ ਅਤੇ ਮੈਂ ਉਸ ਮੌਕੇ ਤੇ 'ਆਪ' ਸਰਕਾਰ ਨੂੰ ਵੀ ਸਵਾਲ ਕਰਨਾ ਚਾਹੁੰਦਾ ਹਾਂ, ਜੋ ਕਹਿੰਦੀ ਸੀ ਕਿ ਸਾਨੂੰ ਵੋਟ ਦਿਓ ਅਤੇ ਅਸੀਂ 2 ਮਿੰਟਾਂ ਵਿੱਚ ਚੁਟਕੀਆਂ ਵਿੱਚ ਐਮਐਸਪੀ ਪ੍ਰਦਾਨ ਕਰਾਂਗੇ, ਮੈਂ ਹੁਣ ਪੁੱਛਣਾ ਚਾਹੁੰਦੀ ਇਹ ਕਿੱਥੇ ਹਨ? ਕਿੱਥੇ ਹਨ ਉਹ ਮੰਤਰੀ ਅਤੇ ਆਪਣੇ ਵਾਅਦੇ ਤੋਂ ਕਿਉਂ ਭੱਜ ਰਹੇ ਹਨ?
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਅਤੇ ਮੇਰੇ ਪਰਿਵਾਰ ਨੇ ਹਮੇਸ਼ਾ ਕਿਸਾਨਾਂ ਦੀਆਂ ਮੰਗਾਂ ਚੁੱਕੀਆਂ ਹਨ ਹੈ, ਇੱਥੋਂ ਤੱਕ ਕਿ ਸੰਸਦ ਵਿੱਚ ਵੀ ਅਤੇ ਜੇਕਰ ਮੈਨੂੰ ਦੁਬਾਰਾ ਮੌਕਾ ਮਿਲਿਆ ਤਾਂ ਮੈਂ ਉਨ੍ਹਾਂ ਦੇ ਹੱਕਾਂ ਦੀ ਲੜਾਈ ਜਾਰੀ ਰੱਖਾਂਗੀ।"
ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣ ਪ੍ਰਚਾਰ ਤੇ ਆਉਣ ਲਈ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ 'ਕੈਪਟਨ ਅਮਰਿੰਦਰ ਸਿੰਘ ਮੇਰੇ ਲਈ ਅਤੇ ਸੂਬੇ ਵਿਚ ਹੋਰ ਕਿਤੇ ਜਿੱਥੇ ਵੀ ਪਾਰਟੀ ਨੂੰ ਉਨ੍ਹਾਂ ਦੀ ਲੋੜ ਹੈ, ਜ਼ਰੂਰ ਪ੍ਰਚਾਰ ਕਰਨਗੇ।'
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਸਵਾਲ 'ਤੇ ਉਨ੍ਹਾਂ ਕਿਹਾ, "ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਭਾਵੇਂ ਉਹ ਮੁੱਖ ਮੰਤਰੀ ਹੋਵੇ ਜਾਂ ਕੋਈ ਹੋਰ, ਇਸ ਲਈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਸਾਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹੈ। ਸਾਡੇ ਮੁੱਖ ਮੰਤਰੀ ਨੇ ਅੱਜ ਕਿਹਾ ਹੈ ਕਿ ਕੇਜਰੀਵਾਲ ਠੀਕ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕੀ ਉਨ੍ਹਾਂ ਨੂੰ ਜੇਲ੍ਹ ਵਿੱਚ 5 ਤਾਰਾ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ?"