ਭਾਜਪਾ ਨੂੰ ਭੁਲੇਖਾ ਸੀ ਕਿ, ਕੇਜਰੀਵਾਲ ਨੂੰ ਜੇਲ ਭੇਜਕੇ ਆਪ ਪਾਰਟੀ ਨੂੰ ਖਤਮ ਕਰ ਦੇਵਾਂਗੇ: ਭਗਵੰਤ ਮਾਨ
- by News & Facts 24
- 14 May, 24
ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਰੋਡ ਸ਼ੋ ਵਿਚ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਮੌਜੂਦ ਰਹੇ
ਮੁੱਖ ਮੰਤਰੀ ਦੀ ਫੇਰੀ ਸਮੇਂ ਲੋਕਾਂ ਦੇ ਵਿਸ਼ਾਲ ਇਕੱਠ ਸਦਕਾ ਦਿਆਲਪੁਰਾ ਤੇ ਜੀਪੀ ਬਾਗੋਬਾਗ
ਚੋਣਾਂ ਉਪਰੰਤ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੇਣ ਦੀ ਗਾਰੰਟੀ ਹੋਵੇਗੀ ਲਾਗੂ
ਦੋ ਸਾਲਾਂ ’ਚ ਹੀ ਪੰਜਾਬ ਮੁੜ ਪੱਟੜੀ ’ਤੇ , ਹੁਣ ਬਣੇਗਾ ਰੰਗਲਾ ਪੰਜਾਬ -ਭਗਵੰਤ ਮਾਨ
ਸਮਰਾਲਾ, 14 ਮਈ ( ਵਿਸ਼ੇਸ਼ )-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਰੋਡ ਸ਼ੋਅ ਦੌਰਾਨ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਕੇਂਦਰ ਦੀ ਭਾਜਪਾ ਸਰਕਾਰ ’ਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਲਈ ਕੇਜਰੀਵਾਲ ਨੂੰ ਜੇਲ ਭੇਜਣ ਦੀ ਸਾਜਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ, ਭਾਜਪਾ ਨੂੰ ਸ਼ਾਇਦ ਇਹ ਭੁਲੇਖਾ ਸੀ, ਕਿ ਕੇਜਰੀਵਾਲ ਦੇ ਅੰਦਰ ਜਾਣ ਨਾਲ ਆਪ ਪਾਰਟੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ, ਅਸੀਂ ਹੋਰ ਵੀ ਵੱਡੀ ਤਾਕਤ ਨਾਲ ਲੋਕਤੰਤਤਰ ਦੀ ਇਹ ਲੜ੍ਹਾਈ ਲੜ੍ਹਾਗੇ ਅਤੇ ਪੰਜਾਬ ਦੀਆਂ 13 ਹੀ ਸੀਟਾਂ ਜਿੱਤ ਕੇ ਸੂਬੇ ਨੂੰ ਪੂਰੇ ਦੇਸ਼ ਵਿਚ ਹੀਰੋ ਬਣਾਵਾਗੇ।
ਮੁੱਖ ਮੰਤਰੀ ਸ. ਮਾਨ ਨੇ ਪਿੱਛਲੇ ਦੋ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਲਈ ਆਪ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਗਿਣਾਉਂਦੇ ਹੋਏ ਕਿਹਾ ਕਿ, ਅੱਜ ਸੂਬੇ ਅੰਦਰ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ ਅਤੇ ਸੂਬੇ ਦੇ 14 ਲੱਖ ਖੇਤੀ ਟਿਊਬਲਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਹੈ, ਜੋਕਿ ਆਪਣੇ ਆਪ ਵਿੱਚ ਵੱਡੀ ਕਾਂ੍ਰਤੀ ਹੈ। ਉਨ੍ਹਾਂ ਕਿਹਾ ਕਿ, ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਯੋਜਨਾ ਨਾਲ ਅੱਗਲੇ ਸਾਲ ਤੱਕ 14 ਲੱਖ ਵਿਚੋਂ ਸਾਢੇ 6 ਲੱਖ ਟਿਊਬਲ ਬੰਦ ਹੋ ਜਾਣਗੇ। ਜਿਸ ਨਾਲ ਦਿੱਤੀ ਜਾ ਰਹੀ 6 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਸਰਕਾਰ ਨੂੰ ਬਚਣੀ ਸ਼ੁਰੂ ਹੋ ਜਾਵੇਗੀ।
ਸ. ਮਾਨ ਨੇ ਲੋਕਸਭਾ ਚੋਣਾਂ ਤੋਂ ਬਾਅਦ ਸੂਬੇ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਲਾਗੂ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ, ਇਸ ਯੋਜਨਾ ’ਤੇ 5500 ਕਰੋੜ ਰੁਪਏ ਦਾ ਖਰਚ ਹਰ ਸਾਲ ਆਵੇਗਾ ਅਤੇ ਹਰ ਸਾਲ ਬਚਣ ਵਾਲੀ 6 ਹਜ਼ਾਰ ਕਰੋੜ ਦੀ ਬਿਜਲੀ ਸਬਸਿਡੀ ਦਾ ਸਾਰਾ ਪੈਸਾ ਇਸ ਯੋਜਨਾ ’ਤੇ ਲਗਾਇਆ ਜਾਵੇਗਾ। ਉਨ੍ਹਾਂ ਇਹ ਐਲਾਨ ਵੀ ਕੀਤਾ ਕਿ, ਆਪ ਸਰਕਾਰ ਵੱਲੋਂ ਲਾਗੂ ਕੀਤੀ ਜਾਣ ਵਾਲੀ ਹਰੇਕ ਗਾਰੰਟੀ ਪੂਰੀ ਜਿੰਦਗੀ ਲਾਗੂ ਰਹੇਗੀ ਅਤੇ ਹੋਰਨਾਂ ਪਾਰਟੀਆਂ ਵਾਂਗ ਉਹ ਲੋਕਾਂ ਨਾਲ ਕੋਈ ਵੀ ਝੂਠਾ ਵਾਅਦਾ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ, ਪੰਜਾਬ ਦੇ ਲੋਕਾਂ ਨੂੰ ਇੱਜਤ ਨਾਲ ਜਿਊਣ ਦਾ ਹੱਕ ਦੇਣ ਸਮੇਤ ਸਾਰੇ ਹੀ ਵਰਗਾਂ ਨੂੰ ਲਾਭ ਪਹੁੰਚਾਉਣ ਲਈ ਪਹਿਲੇ ਦਿਨ ਤੋਂ ਹੀ ਸਰਕਾਰ ਨੇ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ, ਦੋ ਸਾਲ ਵਿਚ 43 ਹਜ਼ਾਰ ਸਰਕਾਰੀ ਨੌਕਰੀਆਂ ਸਿਰਫ ਮੈਰਿਟ ਦੇ ਆਧਾਰ ’ਤੇ ਬਿਨ੍ਹਾਂ ਕਿਸੇ ਸਿਫਾਰਿਸ਼ ਦੇ ਦਿੱਤੀਆਂ ਗਈਆਂ ਹਨ। ਪੰਜਾਬ ਵਿਚ ਲਾਗੂ ਕੀਤੀ ਸੜ੍ਹਕ ਸੁਰੱਖਿਆ ਯੋਜਨਾ ਨੂੰ ਵੱਡੀ ਉਪਲਵਦੀ ਦੱਸਦਿਆ ਮੁੱਖ ਮੰਤਰੀ ਨੇ ਕਿਹਾ ਕਿ ਪਿੱਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਿਰਫ ਤਿੰਨ ਮਹੀਨਿਆਂ ਵਿਚ ਹੀ ਐੱਸ.ਐੱਸ. ਐੱਫ. ਫੋਰਸ 1250 ਕੀਮਤੀ ਜਾਨਾਂ ਬਚਾਉਣ ਵਿਚ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਫੋਰਸ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਅਤੇ ਸੂਬੇ ਵਿਚ ਕੋਈ ਵੀ ਕੀਮਤੀ ਜਾਨ ਸੜ੍ਹਕ ਦੁਰਘਟਨਾ ਨਾਲ ਅਜਾਈ ਨਹੀਂ ਜਾਣ ਦਿੱਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਸਮਰਾਲਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ, ਲੋਕਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਵੱਡੀ ਲੀਡ ਨਾਲ ਜਿਤਾਉਣ, ਤਾਕਿ ਉਨ੍ਹਾਂ ਦੀ ਆਵਾਜ਼ ਦੇਸ਼ ਦੀ ਸੰਸਦ ਤੱਕ ਗੂੰਜ ਸਕੇ।
ਇਸ ਮੌਕੇ ਰੋਡ ਸ਼ੋਅ ਵਿਚ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਸਮੇਤ ਹਲਕੇ ਦੀ ਸਮੁੱਚੀ ਆਪ ਲੀਡਰ ਸ਼ਿਪ , ਬਲਾਕ ਪ੍ਰਧਾਨ ਅਤੇ ਹੋਰ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।