ਭਾਜਪਾ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਦੇ 6 ਉਮੀਦਵਾਰ ਐਲਾਨੇ
- by News & Facts 24
- 30 Mar, 24
ਭਾਜਪਾ ਵਲੋਂ ਪੰਜਾਬ ਦੇ 6 ਉਮੀਦਵਾਰਾਂ ਦੀ ਪਹਿਲੀ ਸੂਚੀ
ਚੰਡੀਗੜ੍ਹ 30 ਮਾਰਚ,( ਵਿਸ਼ੇਸ਼)
ਭਾਵੇਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਾਂ ਸਭ ਤੋਂ ਆਖਰੀ ਪੜਾਅ ਵਿੱਚ ਪੈਣੀਆਂ ਹਨ ਪਰ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਤੋਂ ਬਾਅਦ ਪਹਿਲ ਕਰਦਿਆਂ ਛੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਇਸ ਸੂਚੀ ਵਿੱਚ' ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਫਰੀਦਕੋਟ ਤੋਂ ਹੰਸ ਰਾਜ ਹੰਸ ,ਪਟਿਆਲਾ ਤੋਂ ਪਰਨੀਤ ਕੌਰ, ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ, ਜਦਕਿ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਇਕਲੌਤੇ ਭਾਰਤ ਵਿੱਚ ਐਮ. ਪੀ. ਸਨ ਅਤੇ ਹੁਣ ਵੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਉਮੀਦਵਾਰ ਐਲਾਨਿਆ ਸੀ ਪਰ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਪਾਰਟੀ ਨੇ ਉਹਨਾਂ ਨੂੰ ਜਲੰਧਰ ਤੋਂ ਹੀ ਫਿਰ ਉਮੀਦਵਾਰ ਐਲਾਨ ਦਿੱਤਾ ਹੈ।
ਸਾਬਕਾ ਮੁੱਖ ਮੰਤਰੀ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਤਿੰਨ ਵਾਰ ਦੇ ਕਾਂਗਰਸੀ ਐਮ.ਪੀ ਰਹੇ ਹਨ ਅਤੇ ਲੁਧਿਆਣਾ ਤੋਂ ਉਹ ਦੂਜੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ। ਬਿੱਟੂ ਬੀਤੇ ਦਿਨੀ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਉਥਲ ਪੁੱਥਲ ਮਚਾਉਣ ਵਾਲਾ ਫੈਸਲਾ ਲੈ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਹੀ ਟਿਕਟ ਦਿੱਤੀ ਹੈ ਜਦਕਿ ਹੁਣ ਤੱਕ ਇਹ ਅਖਬਾਰ ਹੀ ਸੀ ਕਿ ਭਾਜਪਾ ਉਹਨਾਂ ਨੂੰ ਆਨੰਦਪੁਰ ਸਾਹਿਬ ਜਾਂ ਚੰਡੀਗੜ੍ਹ ਤੋਂ ਉਮੀਦਵਾਰ ਐਲਾਨ ਸਕਦੀ ਹੈ।
ਦਿੱਲੀ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਨੂੰ ਦਿੱਲੀ ਲਈ ਅਲਾਨੇ ਉਮੀਦਵਾਰਾਂ ਤੇ ਸੂਚੀ ਵਿੱਚ ਉਨਾ ਦਾ ਨਾਂ ਨਾ ਹੋਣ ਕਾਰਨ ਸਿਆਸੀ ਹਲਕਿਆਂ ਵਿੱਚ ਇਹ ਜ਼ੋਰਦਾਰ ਚਰਚਾ ਚੱਲ ਰਹੀ ਸੀ ਕਿ ਉਹਨਾਂ ਨੂੰ ਸ਼ਾਇਦ ਟਿਕਟ ਨਾ ਦਿੱਤੀ ਜਾਵੇ ਅਤੇ ਅੱਜ ਸਵੇਰ ਤੱਕ ਤਾਂ ਇਹ ਹਵਾ ਵੀ ਬਣੀ ਰਹੀ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਕਿਸੇ ਚੋਣ ਹਲਕੇ ਤੋਂ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਹਨ। ਪਰ ਭਾਜਪਾ ਵੱਲੋਂ ਅੱਜ ਜਾਰੀ ਕੀਤੀ ਸੂਚੀ ਵਿੱਚ ਉਹਨਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਜਿੱਥੇ ਗਾਇਕ ਮੁਹੰਮਦ ਸਦੀਕ ਕਾਂਗਰਸ ਦੇ ਐਮ.ਪੀ ਹਨ।
ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਜੋ ਇਸ ਸਮੇਂ ਪਟਿਆਲਾ ਤੋਂ ਕਾਂਗਰਸੀ ਐਮਪੀ ਹਨ ਦੇ ਭਾਜਪਾ ਵਿੱਚ ਸ਼ਾਮਿਲ ਹੋ ਜਾਣ ਕਾਰਨ ਉਹਨਾਂ ਨੂੰ ਵੀ ਭਾਜਪਾ ਨੇ ਆਪਣਾ ਉਮੀਦਵਾਰ ਫਿਰ ਪਟਿਆਲਾ ਤੋਂ ਹੀ ਬਣਾਇਆ ਹੈ।
ਭਾਜਪਾ ਨੇ ਤਰਨਜੀਤ ਸਿੰਘ ਸੰਧੂ ਨੂੰ ਸ਼੍ਰੀ ਅੰਮ੍ਰਿਤਸਰ ਤੋਂ ਉਮੀਦਵਾਰ ਘੋਸ਼ਿਤ ਕੀਤਾ ਹੈ ।