ਪੰਜਾਬ ਨੂੰ ਬਚਾਉਣ ਲਈ ਹੁਣ ਤਜਰਬਿਆਂ ਦੀ ਬਜਾਏ ਪੰਜਾਬੀ ਅਕਾਲੀ ਦਲ ਦੇ ਝੰਡੇ ਹੇਠ ਇੱਕਠੇ ਹੋਣ : ਸੁਖਬੀਰ ਬਾਦਲ
- by News & Facts 24
- 08 Apr, 24
ਪੰਜ ਸਾਲ ਕੈਪ ਨੇ ਅਤੇ ਹੁਣ ਆਪ ਵਾਲ਼ਿਆਂ ਨੇ ਪੰਜਾਬ ਬਰਬਾਦ ਕੀਤਾ
ਸਮਰਾਲਾ, 8 ਅਪ੍ਰੈਲ-
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਸੂਬੇ ਦੇ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ’ ਯਾਤਰਾ ਦੇ ਅੱਜ ਸਮਰਾਲਾ ਹਲਕੇ ’ਚ ਪਹੰੁਚਣ ’ਤੇ ਹਲਕਾ ਇੰਚਾਰਜ਼ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਅੰਮ੍ਰਿਤਪਾਲ ਸਿੰਘ ਗੁਰੋ ਅਤੇ ਆਮ ਲੋਕਾਂ ਤੇ ਪਾਰਟੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਬਾਦਲ ਨੇ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਬਦਲਾਅ ਦੇ ਨਾਂ ’ਤੇ ਹੁਣ ਹੋਰ ਤਜਰਬੇ ਕਰਨ ਦੀ ਬਜਾਏ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਦੇ ਝੰਡੇ ਹੇਠ ਇਕ ਜੁੱਟ ਹੋਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਆਖਿਆ ਕਿ, ਪਹਿਲਾ ਕੈਪ. ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜ ਸਾਲ ਸੂਬੇ ਨੂੰ ਬਰਬਾਦ ਕੀਤਾ ਅਤੇ ਹੁਣ ਆਪ ਤਾਂ ਪੰਜਾਬ ਨੂੰ ਜੜ੍ਹੋ ਤਬਾਹ ਕਰਨ ਵਿਚ ਲੱਗੀ ਹੋਈ ਹੈ।
ਬਾਦਲ ਨੇ ਪੰਜਾਬ ਨੂੰ ਲੁੱਟਣ ’ਚ ਲੱਗੀਆਂ ਦਿੱਲੀ ਦੀਆਂ ਪਾਰਟੀਆਂ ਖਿਲਾਫ਼ ਇੱਕਠੇ ਹੋਕੇ ਲੋਕਸਭਾ ਚੋਣਾਂ ਵਿੱਚ ਅਕਾਲੀ ਦੱਲ ਨੂੰ ਜਿਤਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ, ਹੱਕੀ ਮੰਗਾਂ ਲਈ ਦਿੱਲੀ ਜਾਣ ਵਾਸਤੇ ਜਿਸ ਤਰ੍ਹਾਂ ਕਿਸਾਨਾਂ ਨੂੰ ਬਾਰਡਰ ਸੀਲ ਕਰਕੇ ਰੋਕਿਆ ਗਿਆ ਹੈ, ਉਸੇ ਤਰ੍ਹਾਂ ਹੁਣ ਪੰਜਾਬੀਆਂ ਨੂੰ ਵੀ ਚਾਹੀਦਾ ਹੈ, ਕਿ ਉਹ ਦਿੱਲੀ ਦੀਆਂ ਪਾਰਟੀਆਂ ਨੂੰ ਸੂਬੇ ’ਚ ਵੜਨ ਰੋਕਣ ਲਈ ਪੰਜਾਬ ਦੀਆਂ ਸਰਹੱਦਾਂ ਸੀਲ ਕਰ ਦੇਣ। ਉਨ੍ਹਾਂ ਕਿਹਾ ਕਿ ਜਦੋਂ ਵੀ ਦਿੱਲੀ ਦੀਆਂ ਪਾਰਟੀਆਂ ਦੀਆਂ ਸਰਕਾਰਾਂ ਸੂਬੇ ਵਿਚ ਬਣਦੀਆਂ ਹਨ, ਤਾ ਪੰਜਾਬ ’ਚ ਵਿਕਾਸ ਦੇ ਨਾਂ ਦੀ ਇੱਕ ਇੱਟ ਵੀ ਨਹੀਂ ਲੱਗਦੀ।
ਪੰਜਾਬ ਵਿਚ ਸੜਕਾਂ, ਟਿਊਬਲ, ਪੱਕੇ ਖਾਲੇ, ਨਹਿਰਾ, ਆਟਾ-ਦਾਲ, ਤੇ ਸ਼ਗਨ ਸਕੀਮ ਤੇ ਹੋਰ ਲੋਕ ਭਲਾਈ ਸਕੀਮਾਂ ਸਭ ਤੋਂ ਪਹਿਲਾਂ ਸ ਪੰਜਾਬ ਵਿੱਚ ਅਕਾਲੀ ਦਲ ਦੇ ਰਾਜਭਾਗ ਵਿੱਚ ਹੀ ਆਰੰਭ ਹੋਈਆ ਸਨ ਉਨ੍ਹਾ ਕਿਹਾ ਕਿ, ਅੱਜ ਜਿਹੜੇ ਪੰਥ, ਕੌਮ ਅਤੇ ਪੰਜਾਬ ’ਤੇ ਜਿਹੜੇ ਹਮਲੇ ਹੋ ਰਹੇ ਹਨ, ਉਸ ਦਾ ਕਾਰਨ ਕੌਮ ਤੇ ਪੰਥ ਦੀਆਂ ਸ਼ਹਾਦਤਾਂ ਨਾਲ ਬਣੀ ਪਾਰਟੀ ਅਕਾਲੀ ਦਲ ਨੂੰ ਕਮਜੋਰ ਕਰਨ ਕਰਕੇ ਸੰਭਵ ਹੋਏ ਹਨ। ਅੱਜ ਦਿੱਲੀ ਦੀਆਂ ਸਰਕਾਰਾਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ, ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਹੋਣ ਸਮੇਤ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਜੱਦੀ ਜ਼ਿਲੇ ਵਿਚ ਨਕਲੀ ਸ਼ਰਾਬ ਨਾਲ ਕਿੰਨੀਆਂ ਹੀ ਮੌਤਾਂ ਹੋਈਆਂ, ਪ੍ਰੰਤੂ ਪੰਜਾਬ ਦਾ ਮੁੱਖ ਮੰਤਰੀ ਸ਼ਰਾਬ ਘੁਟਾਲੇ ’ਚ ਗਿ੍ਰਫਤਾਰ ਕੀਤੇ ਕੇਜਰੀਵਾਲ ਨੂੰ ਬਚਾਉਣ ਲਈ ਦਿੱਲੀ ਵਿੱਚ ਰੁਝਿਆ ਹੋਇਆ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਤਾ ਸਿੰਘ ਉਮੈਦਪੁਰੀ, ਹਲਕਾ ਇੰਚਾਰਜ਼ ਪਰਮਜੀਤ ਸਿੰਘ ਢਿੱਲੋਂ, ਜਸਮੇਲ ਸਿੰਘ ਬੌਂਦਲੀ, ਬਿਕਰਮ ਸਿੰਘ ਖਾਲਸਾ, ਹਰਜਤਿੰਦਰ ਸਿੰਘ ਬਾਜਵਾ ਸਮੇਤ ਕਈ ਹੋਰ ਪ੍ਰਮੁੱਖ ਆਗੂ ਹਾਜ਼ਰ ਸਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਢਿੱਲੋਂ, ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਅ੍ਰਮਿਤਪਾਲ ਸਿੰਘ ਗੁਰੋਂ, ਗੁਰਦੀਪ ਸਿੰਘ ਸਰਪੰਚ ਉਰਨਾ, ਕੁਲਦੀਪ ਸਿੰਘ ਦੀਪਾ ਸਾਬਕਾ ਸਰਪੰਚ ਕੁੱਲੇਵਾਲ, ਗੁਰਪ੍ਰੀਤ ਸਿੰਘ ਲਾਡੀ ਗਹਿਲੇਵਾਲ, ਮਨੀ ਸੰਧਰ ਪ੍ਰਧਾਨ ਬਾਲਿਓ ਨੇ ਕਿਹਾ ਕਿ, ਪੰਜਾਬ ਭਰ ਵਿਚ ਇਸ ਯਾਤਰਾ ਨਾਲ ਅਕਾਲੀ ਦਲ ਦੇ ਪੱਖ ਵਿੱਚ ਪੂਰੇ ਸੂਬੇ ਵਿੱਚ ਲਹਿਰ ਪੈਦਾ ਹੋ ਗਈ ਹੈ ਅਤੇ ਇਸ ਲੋਕ ਸਭਾ ਚੋਣਾਂ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ ਅਤੇ ਅਕਾਲੀ ਦਲ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾਏਗਾ। ਇਸ ਯਾਤਰਾ ਵਿੱਚ ਨੌਜਵਾਨਾਂ ਦੇ ਵਿਸ਼ਾਲ ਕਾਫਲੇ ਦੀ ਸ਼ਮੂਲੀਅਤ ਸਦਕਾ ਅਕਾਲੀ ਲੀਡਰ ਬਾਗੋਬਾਗ ਸਨ