ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਐਮ.ਪੀ ਰਵਨੀਤ ਸਿੰਘ ਬਿੱਟੂ ਹੋਏ ਭਾਜਪਾ ਵਿੱਚ ਸ਼ਾਮਲ
- by News & Facts 24
- 26 Mar, 24
ਸਮਰਾਲਾ, 26 ਮਾਰਚ ( ਬਿਊਰੋ ਰਿਪੋਰਟ)
ਪੰਜਾਬ ਹੀ ਨਹੀਂ ਦੇਸ਼ ਦੀ ਰਾਜਨੀਤੀ ਵਿੱਚ ਅੱਜ ਉਸ ਸਮੇਂ ਵੱਡਾ ਧਮਾਕਾ ਹੋ ਗਿਆ ਜਦੋਂ ਕਾਂਗਰਸ ਪਾਰਟੀ ਦੇ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ।
ਬਿੱਟੂ ਅੱਜ ਦਿੱਲੀ ਵਿਖੇ ਕਾਂਗਰਸ ਛੱਡ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਬਿੱਟੂ ਨੂੰ 23 ਦਸੰਬਰ ਸਾਲ 2008 ਦੇ ਵਿੱਚ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੀ ਯੂਥ ਕਾਂਗਰਸ ਮੁਹਿੰਮ ਨੂੰ ਅੱਗੇ ਪਹੁੰਚਾਇਆ ਸੀ ਅਤੇ ਅਤੇ ਪਹਿਲੀ ਵਾਰ ਕਾਂਗਰਸ ਵਿੱਚ ਯੂਥ ਕਾਂਗਰਸ ਦੀਆਂ ਕਰਵਾਈਆ ਚੋਣਾਂ ' ਚ ਉਹ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਅਤੇ ਰਾਹੁਲ ਗਾਂਧੀ ਦੀਆਂ ਨਜ਼ਰਾਂ ਵਿੱਚ ਆਏ। ਇਥੋਂ ਹੀ ਦੇਸ਼ ਦੀ ਰਾਸ਼ਟਰੀ ਸਿਆਸਤ ਦੇ ਅਗਲੇ ਪਾਏਦਾਨ ਤੇ ਪੈਰ ਧਰਦਿਆਂ
ਰਵਨੀਤ ਬਿੱਟੂ ਅਨੰਦਪੁਰ ਸਾਹਿਬ ਤੋਂ ਸਾਲ 2009 ਵਿੱਚ ਮੈਂਬਰ ਪਾਰਲੀਮੈਂਟ ਬਣ ਗਏ। ਉਸ ਸਮੇਂ ਤੋਂ ਹੁਣ ਤੱਕ ਰਵਨੀਤ ਬਿੱਟੂ ਨੂੰ ਗਾਂਧੀ ਪਰਿਵਾਰ ਦੇ ਬੇਹਦ ਨੇੜੇ ਦੱਸਿਆ ਜਾਂਦਾ ਰਿਹਾ ਹੈ।
2014 ਅਤੇ 2019 ਦੇ ਵਿੱਚ ਰਵਨੀਤ ਬਿੱਟੂ ਲੁਧਿਆਣਾ ਕਾਂਗਰਸ ਦੀ ਟਿਕਟ ਤੋਂ ਐਮਪੀ ਦੀ ਚੋਣ ਲੜੇ ਅਤੇ ਜਿੱਤ ਹਾਸਿਲ ਕਰਕੇ ਮੈਂਬਰ ਪਾਰਲੀਮੈਂਟ ਬਣੇ। ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਉਹਨਾਂ ਨੂੰ ਲੁਧਿਆਣਾ ਤੋਂ ਕਾਂਗਰਸ ਦਾ ਮਜਬੂਤ ਉਮੀਦਵਾਰ ਸਮਝਿਆ ਜਾ ਰਿਹਾ ਸੀ।
ਨਿਤ ਖਬਰਾਂ ਵਿੱਚ ਰਹਿਣ ਵਾਲੇ ਅਤੇ ਦੇਸ਼ ਦੀ ਕੌਮੀ ਰਾਜਨੀਤੀ ਵਿੱਚ ਵੱਡਾ ਨਾਂ ਰੱਖਣ ਵਾਲੇ ਬਿੱਟੂ ਨੇ2009 ਦੇ ਵਿੱਚ ਅਨੰਦਪੁਰ ਸਾਹਿਬ ਤੋ ਚੰਦੂ ਮਾਜਰਾ ਨੂੰ ਹਰਾ ਕੇ ਸੀਟ ਤੇ ਕਬਜ਼ਾ ਕੀਤਾ ਸੀ ਅਤੇ ਸਾਲ 2014 ਦੇ ਵਿੱਚ ਲੁਧਿਆਣਾ ਤੋਂ ਮਨਪ੍ਰੀਤ ਇਆਲੀ ਨੂੰ ਹਰਾਇਆ ਅਤੇ ਫਿਰ ਸਵਾਲ 2019 ਦੇ ਵਿੱਚ ਸਿਮਰਨਜੀਤ ਸਿੰਘ ਬੈਂਸ ਅਤੇ ਮਹੇਸ਼ਇੰਦਰ ਗਰੇਵਾਲ ਨੂੰ ਮਾਤ ਦੇ ਕੇ ਲੋਕ ਸਭਾ ਪਹੁੰਚੇ ਸਨ।
ਭਾਵੇਂ ਰਾਜਨੀਤੀ ਵਿੱਚ ਹਰ ਸਮੇਂ ਕੁਝ ਵੀ ਸੰਭਵ ਹੈ ਅਤੇ ਇਸ ਖੇਤਰ ਵਿੱਚ ਪਾੜਾ ਬਦਲਦਿਆਂ ਦੇਰ ਨਹੀਂ ਲੱਗਦੀ ਪਰ ਟਕਸਾਲੀ ਕਾਂਗਰਸੀ ਤੇ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜਨੀਤਕ ਵਾਰਸ ਵਜੋਂ ਕਾਂਗਰਸ ਦੀ ਰਾਜਨੀਤੀ ਵਿੱਚ ਉੱਚ ਪਾਏਦਾਨ ਤੇ ਪਹੁੰਚਣ ਵਾਲੇ ਬਿੱਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਪੰਜਾਬ ਦੀ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੇ ਅਤੇ ਕਾਂਗਰਸ ਪਾਰਟੀ ਤੇ ਹਲਕਿਆਂ ਵਿੱਚ ਹੈਰਾਨੀ ਪਾਈ ਜਾਣੀ ਸੁਭਾਵਿਕ ਹੀ। ਰਾਜਨੀਤੀ ਦੀ ਸਮਝ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਵਾਰ ਜੇਕਰ ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਦੀ ਤਾਂ ਬਿੱਟੂ ਕੇਂਦਰ ਵਿੱਚ ਮੰਤਰੀ ਬਣਦੇ ਅਤੇ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਹੋਣ ਕਾਰਨ ਜੇਕਰ ਇਸ ਵਾਰ ਵੀ ਉਹ ਭਾਜਪਾ ਦੀ ਟਿਕਟ ਤੇ ਚੋਣ ਜਿੱਤ ਗਏ ਤਾਂ ਕੇਂਦਰ ਵਿੱਚ ਉਹਨਾਂ ਦਾ ਮੰਤਰੀ ਜਾਂ ਕੋਈ ਹੋਰ ਵੱਡਾ ਰੁਤਬਾ ਜਰੂਰ ਹੋਵੇਗਾ।