ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ਦੇ ਸਾਹਨੇਵਾਲ ਤੋਂ ਨਿਊ ਖੁਰਜਾ ਸੈਕਸ਼ਨ ਦੇ ਵਰਚੁਅਲ ਉਦਘਾਟਨ


*ਰਾਜਪਾਲ ਵੱਲੋਂ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ਦੇ ਸਾਹਨੇਵਾਲ ਤੋਂ ਨਿਊ ਖੁਰਜਾ ਸੈਕਸ਼ਨ ਦੇ ਵਰਚੁਅਲ ਉਦਘਾਟਨ 'ਚ ਸ਼ਮੂਲੀਅਤ*

 


ਖੰਨਾ (ਲੁਧਿਆਣਾ), 12 ਮਾਰਚ 

- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਨਵੇਂ ਖੰਨਾ ਰੇਲਵੇ ਸਟੇਸ਼ਨ 'ਤੇ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ (ਈ.ਡੀ.ਐਫ.ਸੀ.) ਦੇ 401 ਕਿਲੋਮੀਟਰ ਲੰਬੇ ਸਾਹਨੇਵਾਲ ਤੋਂ ਨਿਊ ਖੁਰਜਾ ਸੈਕਸ਼ਨ ਦੇ ਵਰਚੁਅਲ ਉਦਘਾਟਨ ਵਿੱਚ ਸ਼ਮੂਲੀਅਤ ਕੀਤੀ ਗਈ। ਈ.ਡੀ.ਐਫ.ਸੀ. ਦੇ ਸੈਕਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਮਰਪਿਤ ਕੀਤਾ।

ਨਵੇਂ ਖੰਨਾ ਰੇਲਵੇ ਸਟੇਸ਼ਨ 'ਤੇ ਆਯੋਜਿਤ ਸਮਾਗਮ ਮੌਕੇ ਆਪਣੇ ਸੰਬੋਧਨ ਦੌਰਾਨ ਰਾਜਪਾਲ ਪੁਰੋਹਿਤ ਨੇ ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਤੇਜ਼ ਗਤੀ ਵਾਲੀਆਂ ਮਾਲ ਗੱਡੀਆਂ ਦੀ ਸਹੂਲਤ ਦੇ ਕੇ ਦੇਸ਼ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਸਮਰਪਿਤ ਮਾਲ ਕਾਰੀਡੋਰ ਇੱਕ ਹਾਈ ਸਪੀਡ ਅਤੇ ਉੱਚ-ਸਮਰੱਥਾ ਵਾਲਾ ਰੇਲਵੇ ਕੋਰੀਡੋਰ ਹੈ ਜੋ ਸਿਰਫ਼ ਮਾਲ ਜਾਂ ਹੋਰ ਵਸਤੂਆਂ ਦੀ ਢੋਆ-ਢੁਆਈ ਲਈ ਹੈ। 

ਰਾਜਪਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪ੍ਰੋਜੈਕਟ ਲੌਜਿਸਟਿਕ ਲਾਗਤ ਨੂੰ ਘਟਾਉਣ ਦੇ ਨਾਲ, ਗਤੀ ਵਧਾਏਗਾ, ਮਾਲ ਢੋਆ-ਢੁਆਈ ਦੀ ਸੁਰੱਖਿਆ ਨੂੰ ਵਧਾਏਗਾ ਅਤੇ ਨਾਲ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ ਅਤੇ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਨੂੰ ਆਕਰਸ਼ਿਤ ਵੀ ਕਰੇਗਾ।

ਇਸ ਮੌਕੇ ਖੰਨਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਅਮਨੀਤ ਕੋਂਡਲ, ਵਧੀਕ ਡਿਪਟੀ ਕਮਿਸ਼ਨਰ ਰੁਪਿੰਦਰ ਪਾਲ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Related Articles

Mohit mohindra
  • 08 Feb, 24