*ਜੋ ਦਿੱਖਾ, ਸੋ ਲਿਖਾ*
- by News & Facts 24
- 29 Jan, 24
*ਜੋ ਦਿੱਖਾ, ਸੋ ਲਿਖਾ*
*ਨਿਤਿਸ਼ ਦੀ ਪਲਟੀ ਨਾਲ ਐਨਡੀਏ ਦੀ ਸਥਿਤੀ ਹੋਈ ਮਜ਼ਬੂਤ*
*ਸ਼ੁਰੂਆਤ ਤੋਂ ਪਹਿਲਾਂ ਹੀ ਇੰਡੀਆ ਗਠਜੋੜ ਵਿੱਚ ਪਿਆ ਖਿਲਾਰਾ*
ਉੰਝ ਤਾਂ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਨੈਤਿਕਤਾ, ਸਿਧਾਂਤ ਜਾਂ ਵਿਚਾਰਧਾਰਾ ਕਿਧਰੇ ਵੀ ਦਿਖਾਈ ਨਹੀਂ ਦੇ ਰਹੀ ਅਤੇ ਚੋਣਾਂ ਨੇੜੇ ਆਉਣ ਤੇ ਸਿਆਸੀ ਲੀਡਰਾਂ ਦਾ ਆਪਣੀ ਸਹੂਲਤ ਮੁਤਾਬਕ ਪਾਰਟੀਆਂ ਬਦਲਣਾ ਇਕ ਸਧਾਰਨ ਜਿਹੀ ਪਰਕਿਰਿਆ ਬਣਿਆ ਹੋਇਐ। 2024ਦੀਆਂ ਲੋਕ ਸਭਾ ਚੋਣਾਂ ਸਿਰ ਤੇ ਆ ਚੁੱਕੀਆਂ ਨੇ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਪੱਧਰ ਤੇ ਦਲ ਬਦਲੀਆਂ ਦੀ ਸੰਭਾਵਨਾ ਹੈ। ਹਰ ਪਾਰਟੀ ਚੋਣਾਂ ਸਮੇਂ ਵੱਡੇ ਵੱਡੇ ਲੋਕ ਲਵਾਉਣੇ ਵਾਅਦੇ ਕਰਦੀ ਹੈ। ਪਰ ਸਤਾ ਵਿੱਚ ਆਉਣ ਤੇ ਫਿਰ ਉਹੀ ਲੁੱਟ ਅਤੇ ਕੁਨਬਾ ਪਰਵਰੀ ਜਾਰੀ ਰਹਿੰਦੀ ਹੈ। ਦੇਸ਼ ਦੀ ਜਨਤਾ ਪੱਲੇ ਹੱਥ ਮਲਣ ਤੋਂ ਸਿਵਾਏ ਕੁਝ ਨਹੀਂ ਪੈਂਦਾ।
ਆਉਂਦੀਆਂ ਚੋਣਾਂ ਵਿੱਚ ਮੁੱਖ ਮੁਕਾਬਲਾ ਬੀਜੇਪੀ ਦੀ ਅਗਵਾਈ ਵਾਲੇ 'ਐਨਡੀਏ' ਗਠਜੋੜ ਅਤੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ 'ਇੰਡੀਆ' ਗੱਠਜੋੜ ਵਿਚਕਾਰ ਨਜ਼ਰ ਆ ਰਿਹੈ।
ਚੋਣਾਂ ਤੋਂ ਪਹਿਲਾਂ ਨੌ ਰਾਜਾਂ ਦੀਆਂ ਚੋਣਾਂ ਹੋਈਆਂ ਨੇ ਅਤੇ ਜਿਹਨਾਂ ਵਿੱਚੋਂ ਪਹਿਲੇ ਰਾਉਂਡ 'ਇੰਡੀਆ' ਗਠਜੋੜ ਵੱਲੋਂ ਅਤੇ ਦੂਜਾ ਰਾਉਂਡ ਬੀਜੇਪੀ ਵੱਲੋਂ ਜਿੱਤਿਆ ਗਿਆ। ਪਹਿਲਾਂ ਰਾਉਂਡ ਜਿੱਤਣ ਨਾਲ 'ਇੰਡੀਆ' ਗਠਜੋੜ ਦੇ ਖੇਮੇ ਵਿੱਚ ਉਤਸਾਹ ਵਧਿਆ ਸੀ, ਉੱਥੇ ਹੀ ਦੂਜਾ ਰਾਉਂਡ 'ਐਨਡੀਏ' ਵੱਲੋਂ ਜਿੱਤ ਕੇ ਬਾਜੀ ਪਲਟਾ ਦਿੱਤੀ ਗਈ। ਇਸ ਨਾਲ 'ਐਨਡੀਏ' ਖੇਮਾ ਕਾਫੀ ਉਤਸਾਹ ਵਿੱਚ ਹੈ। ਇਸ ਸਮੇਂ ਦੇਸ਼ ਅੰਦਰ ਹੁਣ 12 ਸੂਬਿਆਂ ਬੀਜੇਪੀ ਅਤੇ 3 ਸੂਬਿਆਂ ਵਿਚ ਕਾਂਗਰਸ ਸਰਕਾਰਾਂ ਚਲ ਰਹੀਆਂ ਨੇ। ਕੁਝ ਸੂਬਿਆਂ ਵਿਚ ਖੇਤਰੀ ਪਾਰਟੀਆਂ ਸੱਤਾ ਵਿਚ ਨੇ।
*' ਐਨਡੀਏ' ਗਠਜੋੜ ਦੀ 0ਰਚਰ ਮੁਹਿੰਮ ਭਖੀ *
ਪਿਛਲੇ ਇਕ ਹਫਤੇ ਵਿੱਚ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਨੇ ਬੀਜੇਪੀ ਵਾਲੇ ਐਨਡੀਏ ਨੂੰ ਵੱਡਾ ਹੁਲਾਰਾ ਦਿਤੈ। ਪਹਿਲੀ ਘਟਨਾ 22 ਜਨਵਰੀ ਨੂੰ ਅਯੋਧਿਆ ਵਿੱਚ ਨਵੇਂ ਉਸਾਰੇ ਰਾਮ ਮੰਦਰ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ੍ਰੀਰਾਮ ਪ੍ਰਾਣ ਪ੍ਰਤੀਸ਼ਟਾ ਵਿਚ ਸ਼ਾਮਿਲ ਹੋਕੇ ਪੂਰੇ ਗਿਣਤੀ ਸਮਾਜ ਨੂੰ ਪ੍ਰਭਾਵਿਤ ਕੀਤੈ। ਦੂਜੀ ਅਹਿਮ ਘਟਨਾ ਰਾਹੀਂ ਬੀਜੇਪੀ ਨੇ ਦੇਸ਼ ਦੀ ਰਾਜਨੀਤੀ ਵਿਚ ਵਡਾ ਧਮਾਕਾ ਕਰਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜੇਡੀਯੂ ਨੂੰ 'ਐੱਨਡੀਏ' ਵਿਚ ਮੁੜ ਤੋਂ ਸ਼ਾਮਿਲ ਕਰ ਲਿਆ ਅਤੇ ਨਿਤਿਸ਼ ਕੁਮਾਰ ਦੀ ਅਗਵਾਈ ਵਿੱਚ ਬਿਹਾਰ ਅੰਦਰ 'ਐੱਨਡੀਏ' ਦੀ ਸਰਕਾਰ ਸਥਾਪਿਤ ਕੀਤੀ। ਬੇਸ਼ਕ ਨਿਤੀਸ਼ ਕੁਮਾਰ ਦਲਬਦਲੀ ਦਾ ਨਵਾਂ ਕੀਰਤੀਮਾਨ ਸਥਾਪਿਤ ਕਰਕੇ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਦੀ ਕਾਫੀ ਦੰਦ ਕਥਾ ਵੀ ਹੋ ਰਹੀ ਹੈ, ਪਰ ਬੀਜੇਪੀ ਦੀ ਇਸ ਸ਼ਾਤਰ ਚਾਲ ਨਾਲ 'ਇੰਡੀਆ' ਗਠਜੋੜ ਨੂੰ ਕਰਾਰਾ ਝਟਕਾ ਦਿਤੈ। ਨਿਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਯਾਦਵ ਦੀ ਆਰਜੇਡੀ ਨਾਲ ਤੋੜ ਵਿਛੋੜਾ ਕਰਕੇ ਐੱਨਡੀਏ ਨਾਲ ਮੁੜ ਤੋਂ ਸਾਂਝ ਪਾਈ ਹੈ। ਤੁਰੰਤ ਰਾਜਪਾਲ ਨੇ ਉਨ੍ਹਾਂ ਨੂੰ 'ਐੱਨਡੀਏ' ਸਰਕਾਰ ਦੇ ਮੁੱਖ ਮੰਤਰੀ ਵਜੋਂ ਅਹੁਦੇ ਦਾ ਹਲਫ਼ ਦਿਵਾਇਆ। ਬਿਹਾਰ ਵਿਚ ਐੱਨਡੀਏ ਦੇ ਭਾਈਵਾਲ ਐੱਚਏਐੱਮ ਅਤੇ ਐਲਜੇਪੀ ਨੇ ਨਿਤਿਸ਼ ਨੂੰ ਮੁੜ ਗੱਠਜੋੜ ’ਚ ਸ਼ਾਮਲ ਕੀਤੇ ਜਾਣ ਦਾ ਸਵਾਗਤ ਕੀਤਾ। ਇਸ ਦਾ ਲਾਭ ਆਉਂਦੀਆਂ ਚੋਣਾਂ ਵਿੱਚ ਐਨਡੀਏ ਨੂੰ ਮਿਲਣ ਦੀ ਵੱਡੀ ਸੰਭਾਵਨਾ ਸਮਝੀ ਜਾ ਰਹੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਡੀਯੂ ਸਣੇ 'ਐੱਨਡੀਏ' ਨੇ ਬਿਹਾਰ ਦੀਆਂ 40 ਵਿਚੋਂ 31 ਸੀਟਾਂ ’ਤੇ ਜਿੱਤੀਆਂ ਸਨ। ਬੀਜੇਪੀ ਵੱਲੋਂ ਇਸ ਸਮੇਂ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਐ ਅਤੇ ਮੀਡੀਆ ਰਾਹੀਂ ਕੇਂਦਰ ਸਰਕਾਰ ਦੀਆਂ ਗਰੰਟੀਆਂ ਦਾ ਖੂਬ ਪ੍ਰਚਾਰ ਹੋ ਰਿਹੈ। ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ਨੇ ਮੁਕੰਮਲ ਇਕਜੁੱਟਤਾ ਨਾਲ ਚੋਣਾਂ ਜਿੱਤਣ ਲਈ ਪੂਰੀ ਸ਼ਕਤੀ ਝੋਕ ਦਿੱਤੀ ਹੈ, ਜਿਸ ਦੇ ਵਧੀਆ ਨਤੀਜੇ ਆਉਣ ਦੀਆਂ ਸੰਭਾਵਨਾਵਾਂ ਸਪਸ਼ਟ ਨਜ਼ਰ ਆ ਰਹੀਆਂ ਨੇ।
*ਇੰਡੀਆ ਗਠਜੋੜ ਖੇਮੇ ਵਿੱਚ ਘਬਰਾਹਟ*
ਬੀਜੇਪੀ ਵਾਲੇ 'ਐਨਡੀਏ' ਦੇ ਕੌਮੀ ਰਾਜਨੀਤੀ ਤੇ ਪੂਰੀ ਤਰਾਂ ਸਿਕੰਜਾ ਕਸਣ ਉਪਰੰਤ 32 ਵਿਰੋਧੀ ਪਾਰਟੀਆਂ ਨੇ ਮਿਲ ਕੇ ਕਾਂਗਰਸ ਦੀ ਅਗਵਾਈ ਵਾਲਾ 'ਇੰਡੀਆ' ਗਠਜੋੜ ਖੜਾ ਕੀਤੈ। ਇਸ ਨੂੰ ਬੀਜੇਪੀ ਵਿਰੋਧੀ ਮਜਬੂਤ ਧਿਰ ਸਮਝਿਆ ਜਾਂਦਾ ਸੀ। ਜੇਕਰ ਇਸ ਦੀ ਏਕਤਾ ਸ਼ੁਰੂਆਤੀ ਦਿਨਾਂ ਦੀ ਤਰ੍ਹਾਂ ਮਜਬੂਤ ਰਹਿੰਦੀ, ਤਾਂ ਇਹ ਬੀਜੇਪੀ ਦੇ 'ਐਨਡੀਏ' ਸਾਹਮਣੇ ਵੱਡਾ ਚੈਲੇਂਜ ਸਮਝਿਆ ਜਾਂਦਾ ਸੀ। ਪਰ ਹੁਣ ਇੰਡੀਆ ਗਠਜੋੜ ਵਿੱਚ ਸ਼ਾਮਿਲ ਪਾਰਟੀਆਂ ਵਿੱਚ ਆਪਸੀ ਟਕਰਾਅ ਖੁੱਲ ਕੇ ਸਾਹਮਣੇ ਆ ਚੁਕੈ ਅਤੇ ਕਈ ਰਾਜਾਂ ਵਿੱਚ ਤਾਂ ਬਗਾਵਤੀ ਸੁਰਾਂ ਵੀ ਉੱਠ ਚੁੱਕੀਆਂ ਨੇ। ਬਿਹਾਰ ਵਿਚ ਨਿਤੀਸ਼ ਵਲੋਂ ਬੀਜੇਪੀ ਨਾਲ ਮਿਲ ਕੇ ਸਰਕਾਰ ਬਣਾਉਣ ਨਾਲ ਵਿਰੋਧੀ ਇੰਡੀਆ ਗਠਜੋੜ ਦੀਆਂ ਜੜਾਂ ਹੀ ਹਿਲਾ ਕੇ ਰੱਖ ਦਿੱਤੀਆਂ ਨੇ। ਬਹੁਤੇ ਰਾਜਾਂ ਵਿੱਚ ਸੀਟਾਂ ਦੀ ਵੰਡ ਵਡਾ ਮਸਲਾ ਬਣ ਚੁੱਕੀ ਹੈ। ਕਈ ਖੇਤਰੀ ਪਾਰਟੀਆਂ ਨੇ ਤਾਂ ਅਜ਼ਾਦਾਨਾ ਤੌਰ ਤੇ ਚੋਣਾਂ ਲੜਨ ਦਾ ਐਲਾਨ ਵੀ ਕਰ ਦਿੱਤੈ। ਖਿਲਾਰਾ ਪੂਰਵੀ ਬੰਗਾਲ ਤੋਂ ਸ਼ੁਰੂ ਹੋਇਆ ਅਤੇ ਕੇਰਲਾ ਬਿਹਾਰ ਤਾਮਿਲਨਾਡੂ, ਉਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਦਿੱਲੀ ਤੱਕ ਪਹੁੰਚ ਗਿਐ ਜਿੱਥੇ ਸੀਟਾਂ ਦੀ ਵੰਡ ਅਤੇ ਮਿਲ ਕੇ ਚੱਲਣਾ ਅਸੰਭਵ ਜਾਪਦੈ। ਉਝ ਵੀ ਕਾਂਗਰਸ ਪਾਸ ਇਸ ਸਮੇਂ ਕੋਈ ਅਜਿਹਾ ਚਮਤਕਾਰੀ ਲੀਡਰ ਉਭਰ ਕੇ ਸਾਹਮਣੇ ਨਹੀਂ ਆ ਸਕਿਆ, ਜੋ ਨਰਿੰਦਰ ਮੋਦੀ ਨੂੰ ਚੈਲੰਜ ਪੇਸ਼ ਕਰਦਾ ਹੋਏ। ਇਸ ਸਮੇਂ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਵੱਲੋਂ ਕੇਂਦਰ ਸਰਕਾਰ ਦੀਆਂ ਨਫਰਤ, ਧੱਕੇਸ਼ਾਹੀ ਅਤੇ ਤਾਨਾਸ਼ਾਹੀ ਨੀਤੀਆਂ ਦੇ ਖਿਲਾਫ ਜਨਤਾ ਨੂੰ ਲਾਮਬੰਦ ਕਰਨ ਲਈ 'ਭਾਰਤ ਜੋੜੋ ਨਿਆ ਯਾਤਰਾ' ਰਾਹੀਂ ਕਾਫੀ ਯਤਨ ਕਰ ਰਹੇ ਨੇ। ਮਨੀਪੁਰ ਤੋਂ ਸ਼ੁਰੂ ਦੋ ਮਹੀਨੇ ਤੱਕ ਚੱਲਣ ਵਾਲੀ 6713 ਕਿਲੋਮੀਟਰ ਲੰਮੀ ਯਾਤਰਾ 100 ਲੋਕ ਸਭਾ ਹਲਕਿਆਂ ਨੂੰ ਕਵਰ ਕਰਕੇ 20 ਮਾਰਚ ਨੂੰ ਮਹਾਰਾਸ਼ਟਰ ਵਿੱਚ ਸਮਾਪਤ ਹੋਏਗੀ। ਇਸ ਵਿਚ ਬੀਜੇਪੀ ਦੇ ਰਾਜ ਵਾਲੇ ਸੂਬਿਆਂ ਵਿੱਚ ਕਾਫੀ ਮੁਸ਼ਕਿਲਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ। ਪਹਿਲਾਂ ਦੱਖਣ ਤੋਂ ਉੱਤਰ ਤੱਕ ਰਾਹੁਲ ਦੀ ਗਾਂਧੀ ਦੀ 3000 ਕਿਲੋਮੀਟਰ ਯਾਤਰਾ ਨੂੰ ਲੋਕਾਂ ਤੋਂ ਮਿਲੇ ਹੁੰਗਾਰੇ ਨਾਲ 'ਇੰਡੀਆ' ਗਠਜੋੜ ਨੂੰ ਕਾਫੀ ਫਾਇਦਾ ਮਿਲਿਆ ਦਿਖਦਾ ਸੀ। ਫਿਰ ਵੀ ਸ਼ੁਰੂਆਤ ਤੋਂ ਪਹਿਲਾਂ ਹੀ 'ਇੰਡੀਆ' ਗਠਜੋੜ ਵਿੱਚ ਪਿਆ ਖਿਲਾਰਾ ਇਸ ਦੀ ਜਿੱਤ ਦੀਆਂ ਸੰਭਾਵਨਾਵਾਂ ਤੇ ਵੱਡਾ ਅਸਰ ਪਾ ਸਕਦੈ।
*ਕੇਜਰੀਵਾਲ ਦੇ ਨਵੇਂ ਪੈਂਤੜੇ*
ਰਾਜਨੀਤਿਕ ਪੈਂਤੜਾ ਬਾਜੀ ਦੇ ਮਾਹਰ ਸਮਝੇ ਜਾਂਦੇ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਬੀਜੇਪੀ ਉੱਪਰ 'ਆਪ' ਦੇ ਵਿਧਾਇਕ ਖਰੀਦ ਕੇ ਦਿੱਲੀ ਸਰਕਾਰ ਤੋੜਨ ਦੇ ਦੋਸ਼ ਲਗਾਏ ਨੇ। ਪਹਿਲਾਂ ਵੀ ਇੱਕ ਵਾਰ ਅਜਿਹੇ ਦੋਸ਼ ਲਗਾ ਕੇ ਕੇਜਰੀਵਾਲ ਵਿਧਾਨ ਸਭਾ ਵਿੱਚ ਵੱਡਾ ਹੰਗਾਮਾ ਕਰ ਚੁੱਕੇ ਨੇ। ਅਜੇਹੀ ਹੀ ਪੰਜਾਬ ਵਿੱਚ ਵੀ ਡਰਾਮਾ ਹੋਇਆ ਸੀ। ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਮਾਮਲੇ ਵਿੱਚ ਚਾਰ ਸੰਮਣ ਭੇਜੇ ਜਾ ਚੁੱਕੇ ਨੇ, ਪਰ ਉਹ ਇਸ ਨੂੰ ਬੀਜੇਪੀ ਸਰਕਾਰ ਦੀ ਬਦਲਾ ਲਓ ਭਾਵਨਾ ਦੱਸ ਕੇ ਟਾਲਦੇ ਆ ਰਹੇ ਹਨ। ਕੇਜਰੀਵਾਲ ਵੱਲੋਂ ਉਹਨਾਂ ਨੂੰ ਚੋਣ ਪ੍ਰਚਾਰ ਤੋਂ ਲਾਂਭੇ ਰੱਖਣ ਲਈ ਬੀਜੇਪੀ ਤੇ ਗ੍ਰਿਫਤਾਰ ਕਰਨ ਦੀ ਸਾਜਿਸ਼ਦੇ ਦੋਸ਼ ਲਗਾਏ ਜਾ ਰਹੇ ਨੇ। ਬੀਤੇ ਦਿਨ ਹਰਿਆਣਾ ਦੇ ਜੀਂਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਰੈਲੀ ਵਿੱਚ ਕੇਜਰੀਵਾਲ ਨੇ ਪੰਜ ਸ਼ਰਤਾਂ ਰੱਖਣ ਦਾ ਨਵਾਂ ਪੈਂਤੜਾ ਖੇਡਿਐ। ਪਿੱਛੇ ਜਿਹੇ ਹੋਈਆਂ ਪੰਜ ਸੂਬਿਆਂ ਦੀਆਂ ਚੋਣਾਂ ਦੌਰਾਨ ਕੇਜਰੀਵਾਲ ਦੀ ਪਾਰਟੀ ਨੂੰ ਪੂਰੀ ਤਰ੍ਹਾਂ ਵੋਟਰਾਂ ਵੱਲੋਂ ਨਕਾਰ ਦੇਣ ਨਾਲ ਉਹ ਭਾਰੀ ਨਿਰਾਸ਼ਤਾ ਵਿੱਚ ਦਿਖਾਈ ਦਿੰਦੇ ਨੇ ਅਤੇ ਹੁਣ ਇੰਡੀਆ ਗਠਬੰਧਨ ਵਿੱਚ ਵੀ ਸੀਟਾਂ ਵੰਡਣ ਅਤੇ ਚੋਣਾਂ ਇਕੱਠੀਆਂ ਲੜਨ ਦੇ ਮੁੱਦੇ ਤੇ ਉਹਨਾਂ ਨੂੰ ਬਹੁਤਾ ਵਜਨ ਨਹੀਂ ਦਿੱਤਾ ਜਾ ਰਿਹਾ। ਉਧਰ ਦਿੱਲੀ ਅਤੇ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਇਕੱਠੇ ਚੋਣਾਂ ਲੜਨ ਦਾ ਸਮਝੌਤਾ ਅੱਗੇ ਨਾ ਵਧਣ ਕਾਰਨ ਵੀ ਪਾਰਟੀ ਵਿੱਚ ਕਾਫੀ ਘਬਰਾਹਟ ਹੈ। ਬੇਸ਼ੱਕ ਭਗਵੰਤ ਮਾਨ ਪੰਜਾਬ ਵਿੱਚ ਸਾਰੀਆਂ 13 ਲੋਕ ਸਭਾ ਸੀਟਾਂ ਤੇ ਜਿਤਣ ਦੇ ਦਾਅਵੇ ਕਰਦੇ ਨੇ, ਪਰ ਜਨਤਾ ਹੁੰਗਾਰਾ ਸਪਸ਼ਟ ਨਹੀਂ ਹੋ ਰਿਹਾ।
*ਅੰਤਿਮ ਸਥਿਤੀ*
ਅਜਿਹੇ ਹਾਲਾਤਾਂ ਵਿੱਚ ਕਾਂਗਰਸ ਦੀ ਅਗਵਾਈ ਵਾਲਾ 'ਇੰਡੀਆ' ਗਠਬੰਧਨ ਕਾਫੀ ਉਲਝਣ ਵਿਚ ਦਿਖਾਈ ਦੇ ਰਿਹੈ, ਜਦ ਕਿ ਐਨਡੀਏ ਗਠਜੋੜ ਦੀ ਸਥਿਤੀ ਕਾਫੀ ਮਜਬੂਤ ਦਿਖਦੀ ਹੈ। ਜੇਕਰ 'ਇੰਡੀਆ' ਗਠਜੋੜ ਵਿੱਚ ਸ਼ਾਮਿਲ ਪਾਰਟੀਆਂ ਵਿਚ ਆਪਸੀ ਟਕਰਾਅ ਜਾਰੀ ਰਿਹਾ ਤਾਂ ਉਸ ਦਾ ਭਾਰੀ ਨੁਕਸਾਨ ਤੈਅ ਸਮਝਿਆ ਜਾ ਰਿਹੈ।
ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)
ਫੋਨ: 9915836543