ਪੰਜਾਬ ਨੰਬਰਦਾਰ ਐਸੋ: (ਗਾਲਿਬ) ਦੀ ਮੀਟਿੰਗ ’ਚ ਮੰਗਾਂ ਨਾ ਮੰਨਣ ’ਤੇ ਸਰਕਾਰ ਪ੍ਰਤੀ ਕੀਤਾ ਗਿਲਾ
- by News & Facts 24
- 04 Nov, 24
ਪੰਜਾਬ ਸਰਕਾਰ ਸੰਜੀਦਗੀ ਨਾਲ ਨੰਬਰਦਾਰਾਂ ਦੀਆਂ ਮੰਗਾਂ ਵਿਚਾਰੇ, ਨਹੀਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਨੰਬਰਦਾਰ ਭਾਰੂ ਪੈਣਗੇ ਸਰਕਾਰ ’ਤੇ - ਸੁਰਮੁੱਖ ਸਿੰਘ/ ਸੋਹਣ ਸਿੰਘ
ਸਮਰਾਲਾ 4 ਨਵੰਬਰ (ਵਿਸ਼ੇਸ਼) :
ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਮਾਸਿਕ ਮੀਟਿੰਗ ਐਸੋਸੀਏਸ਼ਨ ਦੇ ਦਫਤਰ ਵਿਖੇ ਤਹਿਸੀਲ ਪ੍ਰਧਾਨ ਨੰਬਰਦਾਰ ਰਣਜੀਤ ਸਿੰਘ ਢਿੱਲਵਾਂ ਅਤੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਰਮੁੱਖ ਸਿੰਘ ਹਰਬੰਸਪੁਰਾ ਨੇ ਪੰਜਾਬ ਸਰਕਾਰ ਉੱਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਮੁਲਾਜਮਾਂ ਦੇ ਖਾਤਿਆਂ ਵਿੱਚ ਦੀਵਾਲੀ ਤੋਂ ਪਹਿਲਾਂ ਤਨਖਾਹਾਂ ਅਤੇ ਪੈਨਸ਼ਨਾਂ ਪਾ ਦਿੱਤੀਆਂ, ਪ੍ਰੰਤੂ ਨੰਬਰਦਾਰ ਆਪਣੇ ਨਿਗੂਣੇ ਮਾਣਭੱਤੇ ਲਈ ਅੱਜ ਤੱਕ ਪੰਜਾਬ ਸਰਕਾਰ ਦਾ ਮੂੰਹ ਤੱਕ ਰਹੇ ਹਨ, ਜਦੋਂ ਕਿ ਦੀਵਾਲੀ ਮੌਕੇ ਹਰੇਕ ਦੀ ਰੀਝ ਹੁੰਦੀ ਹੈ ਕਿ ਉਸ ਕੋਲ ਪੈਸੇ ਹੋਣ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਖੁਸ਼ੀ- ਖੁਸ਼ੀ ਦੀਵਾਲੀ ਮਨਾ ਸਕੇ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੰਬਰਦਾਰਾਂ ਨਾਲ ਹਮੇਸ਼ਾ ਹੀ ਮਤਰੇਈ ਵਾਲਾ ਸਲੂਕ ਕਰਦੀਆਂ ਰਹੀਆਂ ਹਨ, ਜਦੋਂ ਕਿ ਨੰਬਰਦਾਰ ਹੀ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੇ ਘਰੇਲੂ ਕੰਮ ਛੱਡ ਕੇ ਸਰਕਾਰਾਂ ਦਾ ਖਜਾਨਾ ਭਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੰਬਰਦਾਰਾਂ ਦੇ ਮਾਣਭੱਤੇ ਵਿੱਚ ਵਾਧਾ ਕਰਕੇ, ਹਰੇਕ ਮਹੀਨੇ ਦੀ ਪਹਿਲੀ ਤਰੀਕ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਮਾਣਭੱਤਾ ਪਾਇਆ ਕਰੇ। ਤਹਿਸੀਲ ਪ੍ਰਧਾਨ ਰਣਜੀਤ ਸਿੰਘ ਢਿੱਲਵਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਪ੍ਰਤੀ ਗਿਲਾ ਜਾਹਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੰਬਰਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਦੇ ਸਾਰ ਹੀ ਉਨ੍ਹਾਂ ਦੇ ਮਾਣਭੱਤੇ ਵਿੱਚ ਵਾਧਾ ਕਰਨ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਜਦੋਂ ਕਿ ਸਰਕਾਰ ਬਣੀ ਨੂੰ ਪੌਣੇ ਤਿੰਨ ਸਾਲ ਹੋ ਗਏ ਪੰਜਾਬ ਸਰਕਾਰ ਨੇ ਸਹੂਲਤਾਂ ਤਾਂ ਕੀ ਦੇਣੀਆਂ ਸਨ, ਕਦੇ ਨੰਬਰਦਾਰਾਂ ਦੀ ਸਾਰ ਵੀ ਨਹੀਂ ਲਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜੇ ਵੀ ਸਰਕਾਰ ਕੋਲ ਸਮਾਂ ਹੈ, ਉਹ ਨੰਬਰਦਾਰਾਂ ਦੀਆਂ ਮੰਗਾਂ ਪ੍ਰਤੀ ਸੁਹਿਰਤਾ ਨਾਲ ਸੋਚੇ, ਨਹੀਂ ਤਾਂ ਇਸ ਦਾ ਖਮਿਆਜਾ ਵੱਖ ਵੱਖ ਸਮੇਂ ਹੋ ਰਹੀਆਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਨਾ ਪੈ ਸਕਦਾ ਹੈ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਨੰਬਰਦਾਰ ਪ੍ਰਕਾਸ਼ ਸਿੰਘ ਢੰਡੇ, ਹਾਕਮ ਸਿੰਘ ਹੇੜੀਆਂ, ਲਖਵਿੰਦਰ ਸਿੰਘ ਹੇਡੋਂ, ਅਮਰੀਕ ਸਿੰਘ ਮਾਣਕੀ, ਭੀਮ ਸਿੰਘ ਗਗੜਾ, ਰਵਿੰਦਰ ਸਿੰਘ ਕੰਗ ਕੋਟਲਾ ਸ਼ਮਸਪੁਰ, ਗੁਰਪ੍ਰੀਤ ਸਿੰਘ ਬੌਂਦਲੀ, ਬਲਵਿੰਦਰ ਕੌਰ ਬੌਂਦਲੀ, ਸਾਧੂ ਸਿੰਘ ਹੇੜੀਆਂ, ਸੋਹਣ ਸਿੰਘ ਲੋਪੋਂ, ਸੱਜਣ ਸਿੰਘ ਆਦਿ ਤੋਂ ਇਲਾਵਾ ਸਮਰਾਲਾ ਤਹਿਸੀਲ ਦੇ ਹੋਰ ਵੀ ਨੰਬਰਦਾਰ ਹਾਜ਼ਰ ਸਨ।
ਫੋਟੋ ਕੈਪਸ਼ਨ : ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਮਾਸਿਕ ਮੀਟਿੰਗ ਵਿੱਚ ਸ਼ਾਮਲ ਨੰਬਰਦਾਰ।