ਬਾਇਓਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਚਾਰ ਦਿਨ ਤੋਂ ਨੈਸ਼ਨਲ ਹਾਈਵੇ ’ਤੇ ਲੱਗਿਆ ਧਰਨਾ ਪ੍ਰਸਾਸ਼ਨ ਵੱਲੋਂ ਚੁਕਵਾਇਆ

 ਮੁੜ ਹਾਈਵੇ ਜਾਮ ਨਹੀਂ ਕਰਨ ਦਿੱਤਾ ਜਾਵੇਗਾ -ਐਸ.ਡੀ.ਐਮ ਸਮਰਾਲਾ


ਸਮਰਾਲਾ, 6 ਅਪ੍ਰੈਲ 

-ਸਮਰਾਲਾ ਦੇ ਨਜ਼ਦੀਕੀ ਪਿੰਡ ਮੁਸ਼ਕਾਬਾਦ ਵਿਖੇ ਲੱਗ ਰਹੇ ਬਾਇਓ ਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਪਿੰਡ ਮੁਸਕਾਬਾਦ ਟੱਪਰੀਆਂ ਅਤੇ  ਖੀਰਨਿਆਂ  ਸਮੇਤ ਆਸ ਪਾਸ ਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਪਿੱਛਲੇ ਚਾਰ ਦਿਨਾਂ ਤੋਂ ਲੁਧਿਆਣਾ-ਚੰਡੀਗੜ ਹਾਈਵੇ ’ਤੇ  ਦਿੱਤਾ ਜਾ ਰਿਹਾ ਧਰਨਾ ਅੱਜ ਚੁਕਵਾ ਦਿੱਤਾ ਗਿਆ। 

ਦੇਰ ਰਾਤ ਧਰਨੇ ਦੇ ਨੇੜੇ ਹੋਏ ਸੜਕ ਹਾਦਸੇ ’ਚ ਲੁਧਿਆਣਾ ਦੇ ਏ.ਸੀ.ਪੀ. ਅਤੇ ਉਨ੍ਹਾਂ ਦੇ ਗੰਨਮੈਨ ਦੀ ਮੌਤ ਮਗਰੋਂ ਅੱਜ ਸਵੇਰ ਤੋਂ ਹੀ ਪੁਲਸ ਪ੍ਰਸਾਸ਼ਨ ਦੇ ਸਖ਼ਤ ਹੋਏ ਤੇਵਰਾਂ ਨੂੰ ਵੇਖਕੇ ਜਾਪਦਾ ਹੀ ਸੀ, ਕਿ ਅੱਜ ਇਹ ਧਰਨਾ ਹਰ ਹਾਲ ਵਿਚ ਖਤਮ ਕਰਵਾਇਆ ਜਾ ਸਕਦਾ ਹੈ। ਦੂਜੇ ਪਾਸੇ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਆਖਿਆ ਕਿ, ਪੁਲਸ ਅਧਿਕਾਰੀ ਦੀ ਮੌਤ ’ਤੇ ਹਮਦਰਦੀ ਵਜੋਂ ਇਹ ਧਰਨਾ ਫਿਲਹਾਲ ਮੁਲੱਤਵੀ ਕਰ ਦਿੱਤਾ ਗਿਆ ਹੈ ਅਤੇ ਛੇਤੀ ਹੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। 


  ਪੁਲਸ ਅਧਿਕਾਰੀਆਂ ਦੀ ਅਗਵਾਈ ਵਿਚ ਸਵੇਰ ਤੋਂ ਹੀ ਭਾਰੀ ਪੁਲਸ ਫੋਰਸ ਧਰਨੇ ਵਾਲੀ ਥਾਂ ਉੱਤੇ ਤਾਇਨਾਤ ਕਰ ਦਿੱਤੀ ਗਈ ਸੀ। ਸਥਾਨਕ ਐੱਸ.ਡੀ.ਐੱਮ. ਅਤੇ ਹੋਰ ਪ੍ਰਸਾਸ਼ਨਿਕ ਅਧਿਕਾਰੀ ਵੀ ਤਿੰਨ ਦਿਨ ਤੋਂ ਬੰਦ ਕੀਤੇ ਇਸ ਨੈਸ਼ਨਲ ਹਾਈਵੇ ਨੂੰ ਖੁਲਵਾਉਣ ਲਈ ਜੁਟੇ ਹੋਏ ਸਨ।  
 
            ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ, 15-20 ਪਿੰਡਾਂ ਦੇ ਲੋਕ ਸ਼ਾਂਤਮਈ ਢੰਗ ਨਾਲ ਇੱਥੇ ਧਰਨੇ ’ਤੇ ਬੈਠੇ ਸਨ। ਬੀਤੀ ਰਾਤ ਵਾਪਰੇ ਹਾਦਸੇ ’ਤੇ ਸੰਘਰਸ਼ ’ਚ ਸ਼ਾਮਲ ਹਰ ਵਿਅਕਤੀ ਨੂੰ ਡੰੂਘੀ ਹਮਦਰਦੀ ਹੈ। ਇਸ ਲਈ ਹੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਇਹ ਧਰਨਾ ਮੁਲਤੱਵੀ ਕਰਨ ਦਾ ਫੈਸਲਾ ਲੈਣਾ ਪਿਆ। ਉਨ੍ਹਾਂ ਕਿਹਾ ਕਿ ਅਗਲੇ ਉਲੀਕੇ ਜਾਣ ਵਾਲੇ ਹਰ ਸੰਘਰਸ਼ ਲਈ ਉਹ ਆਪਣਾ ਪੂਰਾ ਸਾਥ ਦੇਣਗੇ। 
 ਓਧਰ ਦੂਜੇ ਪਾਸੇ ਧਰਨਾ ਖਤਮ ਕਰਵਾਉਣ ਪੁੱਜੇ ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ, ਕਿਸੇ ਵੀ ਧਰਨਾਕਾਰੀ ਨੂੰ ਮੁੜ ਇਹ ਹਾਈਵੇ ਜਾਮ ਨਹੀਂ ਕਰਨ ਦਿੱਛਾ ਜਾਵੇਗਾ। ਜੇਕਰ ਪਿੰਡ ਵਾਲਿਆਂ ਨੇ ਰੋਸ ਪ੍ਰਗਟ ਹੀ ਕਰਨਾ ਹੈ, ਤਾ ਉਹ ਪ੍ਰਸਾਸ਼ਨ ਵੱਲੋਂ ਨਿਸ਼ਚਤ ਕੀਤੀਆਂ ਥਾਵਾਂ ’ਤੇ ਬੈਠ ਕੇ ਆਪਣਾ ਰੋਸ ਪ੍ਰਗਟਾਵਾ ਕਰ ਸਕਦੇ ਹਨ। 
 

Related Articles