ਬਾਲ ਵਿਆਹ ਦੀ ਰੋਕਥਾਮ ਲਈ ਵੱਖ-ਵੱਖ ਟੀਮਾਂ ਵੱਲੋਂ ਜਾਗਰੂਕਤਾ ਅਭਿਆਨ ਚਲਾਇਆ ਗਿਆ
- by News & Facts 24
- 19 Apr, 24
ਲੁਧਿਆਣਾ, 19 ਅਪ੍ਰੈਲ (ਪਨ) - ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਬਾਲ ਵਿਆਹ ਦੀ ਰੋਕਥਾਮ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਬਲਾਕਾਂ, ਆਂਗਣਵਾੜੀ ਸੈਂਟਰਾਂ, ਸਕੂਲਾਂ, ਕਾਲਜਾਂ, ਸਲੱਮ ਏਰੀਆਂ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਬਾਲ ਵਿਆਹ ਦੀ ਰੋਕਥਾਮ ਲਈ ਜਾਗਰੂਕ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸਾਹਨੀ ਦੇ ਹੁਕਮਾਂ ਅਨੁਸਾਰ, ਬਾਲ ਵਿਆਹ ਦੀ ਰੋਕਥਾਮ ਸਬੰਧੀ ਬੀਤੇ ਦਿਨੀਂ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਮੀਟਿੰਗ ਵੀ ਕੀਤੀ ਗਈ ਸੀ ਜਿਸ ਵਿੱਚ ਲੇਬਰ ਵਿਭਾਗ ਤੋਂ ਸਹਾਇਕ ਲੇਬਰ ਕਮਿਸ਼ਨਰ ਅਤੇ ਲੇਬਰ ਇੰਸਪੈਕਟਰ, ਪੁਲਿਸ ਵਿਭਾਗ ਤੋਂ ਏ.ਸੀ.ਪੀ. ਅਤੇ ਡੀ.ਐਸ.ਪੀ. ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਜਿਲ੍ਹਾ ਪ੍ਰੋਗਰਾਮ ਅਫਸਰ, ਜਿਲ੍ਹਾ ਬਾਲ ਸੁਰੱਖਿਆ ਅਫ਼ਸਰ, ਸਿੱਖਿਆ ਵਿਭਾਗ ਤੋਂ ਡਿਪਟੀ ਡੀ.ਈ.ਓ ਸਕੈਡੰਰੀ ਅਤੇ ਐਲੀਮੈਂਟਰੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਸਨ।
ਬਾਲ ਵਿਆਹ ਦੀ ਰੋਕਥਾਮ ਸਬੰਧੀ ਵੱਖ-ਵੱਖ ਤਿੰਨ ਟੀਮਾਂ ਖੰਨਾ, ਜਗਰਾਉ ਅਤੇ ਲੁਧਿਆਣਾ ਸਿਟੀ ਲਈ ਬਣਾਈਆਂ ਗਈਆਂ ਸਨ। ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੇ ਅਧੀਨ ਆਉਂਦੇ ਸੁਪਰਵਾਈਜਰ ਅਤੇ ਆਂਗਣਵਾੜੀ ਵਰਕਰਾਂ ਵੱਲੋ ਬੀਤੇ ਕੱਲ੍ਹ 18 ਅਪ੍ਰੈਲ ਅਤੇ ਅੱਜ 19 ਅਪ੍ਰੈਲ ਨੂੰ ਬਲਾਕਾਂ, ਆਂਗਣਵਾੜੀ ਸੈਂਟਰਾਂ, ਸਕੂਲਾਂ, ਕਾਲਜਾਂ, ਸਲੱਮ ਏਰੀਆਂ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਜਾ ਕੇ ਬਾਲ ਵਿਆਹ ਦੀ ਰੋਕਥਾਮ ਲਈ ਜਾਗਰੂਕਤਾ ਫੈਲਾਈ ਗਈ ਅਤੇ ਲੋਕਾਂ ਨੂੰ ਦੱਸਿਆ ਗਿਆ ਕਿ ਵਿਆਹ ਲਈ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜੇਕਰ ਕੋਈ ਪਰਿਵਾਰ ਘੱਟ ਉਮਰ ਦੇ ਬੱਚਿਆਂ ਦਾ ਵਿਆਹ ਕਰਦੇ ਪਾਏ ਜਾਂਦੇ ਹਨ ਤਾਂ ਉਹਨਾਂ ਦੇ ਪਰਿਵਾਰ ਦੇ ਮੈਬਰਾਂ ਨੂੰ 1 ਲੱਖ ਰੁਪਏ ਜੁਰਮਾਨਾ ਅਤੇ 2 ਸਾਲ ਦੀ ਕੈਦ ਦੀ ਸਜਾ ਹੋਵੇਗੀ ਅਤੇ ਵਿਆਹ ਕਰਵਾਉਣ ਵਿੱਚ ਸ਼ਾਮਲ ਪਾਰਟੀ ਜਿਵੇਂ ਕਿ ਮੈਰਿਜ ਪੈਲੇਸ ਦੇ ਮਾਲਕ, ਹਲਵਾਈ, ਟੈਂਟ ਹਾਊਸ, ਪੰਡਿਤ, ਪਾਦਰੀ, ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ਼ ਕਰਵਾਉਣ ਵਾਲੇ ਪਾਠੀ, ਪ੍ਰਿਟਿੰਗ ਪ੍ਰੈਸ, ਬੈਂਡ ਪਾਰਟੀ, ਸਜਾਵਟ ਕਰਨ ਵਾਲਿਆਂ ਆਦਿ 'ਤੇ ਵੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਇਹ ਸਖ਼ਤ ਨਿਰਦੇਸ਼ ਜਾਰੀ ਕੀਤੇ ਗਈ ਸਬੰਧਤ ਧਿਰਾਂ ਕੋਲ ਜਦੋਂ ਵੀ ਕੋਈ ਵਿਅਕਤੀ ਵਿਆਹ ਦੀ ਬੁਕਿੰਗ ਲਈ ਸੰਪਰਕ ਕਰਦਾ ਹੈ ਤਾਂ ਪਹਿਲਾਂ ਲੜਕੇ-ਲੜਕੀ ਦੀ ਉਮਰ ਵੈਰੀਫਾਈ ਕਰਨੀ ਯਕੀਨੀ ਬਣਾਈ ਜਾਵੇ।
ਇਸ ਤੋਂ ਇਲਾਵਾ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨਾਲ ਸਹੁੰ ਚੁੱਕ ਸਮਾਗਮ ਵੀ ਕਰਵਾਇਆ ਗਿਆ ਅਤੇ ਬਾਲ ਵਿਆਹ ਦੇ ਖਾਤਮੇ ਦੇ ਲਈ ਸਮੂਹ ਜਿਲਾ ਲੁਧਿਆਣੇ ਦੀ ਜ਼ਿਲਾ ਪੱਧਰੀ ਟੀਮ ਜਿਸ ਵਿੱਚ ਇੰਸਪੈਕਟਰ ਨਰਿੰਦਰ ਕੁਮਾਰ (ਪੰਜਾਬ ਪੁਲਿਸ), ਮੁਬੀਨ ਕੁਰੈਸ਼ੀ (ਸੁਰੱਖਿਆ ਅਫਸਰ ਲੁਧਿਆਣਾ IC), ਅਮਨਦੀਪ ਕੌਰ (ਬਾਲ ਸੁਰੱਖਿਆ ਅਫਸਰ (NIC), ਦੀਪਕ ਕੁਮਾਰ (ਲੀਗਲ ਅਫਸਰ ਲੁਧਿਆਣਾ) ਪ੍ਰਭਜੀਤ ਸਿੰਘ (ਸਿੱਖਿਆ ਵਿਭਾਗ ਸੈਕਡਰੀ), ਸੰਦੀਪ ਸਿੰਘ (ਬਚਪਨ ਬਚਾਓ ਅੰਦੋਲਨ), ਬਲਜੀਤ ਸਿੰਘ ਅਤੇ ਅਨਿਲ ਕੁਮਾਰ (ਕਿਰਤ ਵਿਭਾਗ) ਅਤੇ ਨਰੇਸ਼ ਗਰਗ (ਲੇਬਰ ਇੰਸਪੈਕਟਰ), ਲਵਪ੍ਰੀਤ ਸਿੰਘ (ਸੋਸ਼ਲ ਵਰਕਰ) ਵੀ ਸ਼ਾਮਲ ਸਨ।
ਪ੍ਰਿਤਪਾਲ ਸਿੰਘ (ਸੈਂਟਰ ਹੈਡ ਟੀਚਰ), ਹਰਦੀਪ ਸਿੰਘ (ਕਲਰਕ, ਲੇਬਰ ਵਿਭਾਗ), ਦਲਜੀਤ ਕੌਰ (ਸਿੱਖਿਆ ਵਿਭਾਗ), ਨਰਿੰਦਰ ਸਿੰਘ ਅਤੇ ਸ਼੍ਰੀ ਮੱਖਣ ਸਿੰਘ (ਪੁਲਿਸ ਵਿਭਾਗ) ਦੀ ਟੀਮ ਵੱਲੋਂ ਜਾਗਰੂਕਤਾ ਅਭਿਆਨ ਵੀ ਚਲਾਇਆ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਲੁਧਿਆਣਾ ਰਸ਼ਮੀ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਆਸ-ਪਾਸ ਕੋਈ ਬਾਲ ਵਿਆਹ ਹੋ ਰਿਹਾ ਹੈ ਜਾਂ ਹੋ ਚੁੱਕਿਆ ਹੈ ਜਾਂ ਭਵਿੱਖ ਵਿੱਚ ਹੋਣ ਵਾਲਾ ਹੈ ਤਾਂ ਦਫਤਰ, ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਸਮਾਜ ਭਲਾਈ ਕੰਪਲੈਕਸ, ਸ਼ਿਮਲਾਪੁਰੀ, ਨੇੜੇ ਗਿੱਲ ਨਹਿਰ, ਲੁਧਿਆਣਾ ਨੂੰ ਸੂਚਿਤ ਕਰਨ ਜਾਂ ਫੋਨ ਨੰ: 0161-5126456 ਅਤੇ ਫੋਨ ਨੰ: 9988448434 'ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।