ਬਿਜਲੀ ਮੀਟਰ ਲਗਾਉਣ ਬਦਲੇ 12000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਲਾਈਨਮੈਨ ਤੇ ਸਾਬਕਾ ਸਰਪੰਚ ਗ੍ਰਿਫਤਾਰ
- by News & Facts 24
- 20 May, 24
ਚੰਡੀਗੜ੍ਹ, 20 ਮਈ,
- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਸੋਮਵਾਰ ਨੂੰ ਪੀ.ਐਸ.ਪੀ.ਸੀ.ਐਲ ਦਫ਼ਤਰ ਖੰਨਾ-2 , ਜ਼ਿਲਾ ਲੁਧਿਆਣਾ ਵਿਖੇ ਤਾਇਨਾਤ ਲਾਈਨਮੈਨ ਮਨਜਿੰਦਰ ਸਿੰਘ ਉਰਫ਼ ਰਾਜੂ ਅਤੇ ਪਿੰਡ ਦੁਲਵਾਂ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ, ਬਲਾਕ ਖੇੜੀ ਨੌਧ ਸਿੰਘ, ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ 12000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸਹਾਇਕ ਸਬ ਇੰਸਪੈਕਟਰ (ਸੇਵਾਮੁਕਤ) ਬਲਵਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ ਕਲੋਨੀ, ਖੰਨਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਰਜ ਉੱਪਰ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਨੇ ਆਪਣੇ ਪਲਾਟ ਲਈ ਬਿਜਲੀ ਦਾ ਨਵਾਂ ਮੀਟਰ ਲਗਾਉਣ ਲਈ ਦਰਖਾਸਤ ਦਿੱਤੀ ਸੀ ਪਰ ਇਲਾਕੇ ਦੇ ਲਾਈਨਮੈਨ ਮਨਜਿੰਦਰ ਸਿੰਘ ਨੇ ਸਾਬਕਾ ਸਰਪੰਚ ਪਰਮਜੀਤ ਸਿੰਘ ਰਾਹੀਂ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 12000 ਰੁਪਏ ਵਿੱਚ ਹੋਇਆ ਹੈ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਇਸ ਕੰਮ ਬਦਲੇ ਮੁਲਜ਼ਮ ਲਾਈਨਮੈਨ 18-04-2024 ਨੂੰ ਪਰਮਜੀਤ ਸਿੰਘ ਦੀ ਹਾਜਰੀ ਵਿਚ 2500 ਰੁਪਏ ਪਹਿਲਾਂ ਹੀ ਲੈ ਚੁੱਕਾ ਹੈ ਅਤੇ ਬਾਕੀ 9500 ਰੁਪਏ ਪਰਮਜੀਤ ਸਿੰਘ ਨੂੰ ਉਸਦੇ ਦਫਤਰ ਖੰਨਾ ਵਿਖੇ 19.04.24 ਨੂੰ ਦੇ ਦਿੱਤੇ ਹਨ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਦਿਆਂ ਉਨ੍ਹਾਂ ਦੀ ਕਾਲ ਰਿਕਾਰਡਿੰਗ ਵੀ ਕਰ ਲਈ ਅਤੇ ਉਕਤ ਸ਼ਿਕਾਇਤ ਦਰਜ ਕਰਵਾ ਦਿੱਤਾ ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਰਿਸ਼ਵਤ ਲੈਣ ਬਾਰੇ ਤੱਥ ਸਹੀ ਪਾਏ ਗਏ ਜਿਸ ਕਰਕੇ ਮੁਲਜ਼ਮ ਮਨਜਿੰਦਰ ਸਿੰਘ ਲਾਈਨਮੈਨ ਅਤੇ ਪਰਮਜੀਤ ਸਿੰਘ ਸਾਬਕਾ ਸਰਪੰਚ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ ਧਾਰਾ 120 ਬੀ ਤਹਿਤ ਐਫਆਈਆਰ ਨੰਬਰ 21 ਮਿਤੀ 20.05.24 ਨੂੰ ਵਿਜੀਲੈਂਸ ਥਾਣਾ ਲੁਧਿਆਣਾ ਰੇਂਜ ਵਿਖੇ ਦਰਜ ਕੀਤੀ ਗਈ ਹੈ।
ਉਕਤ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਕੇ 12000 ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਸਬੰਧਤ ਇਲਾਕੇ ਦੇ ਜੂਨੀਅਰ ਇੰਜੀਨੀਅਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।