ਲੁਧਿਆਣਾ ਦੇ ਏ.ਸੀ.ਪੀ. ਸੰਦੀਪ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਦੀ ਸੜਕ ਹਾਦਸੇ ’ਚ ਮੌਤ
- by News & Facts 24
- 06 Apr, 24
ਫਾਰਚੂਨਰ-ਸਕਾਰਪਿਓ ਦੀ ਟੱਕਰ ’ਚ ਫਾਰਚੂਨਰ ਨੂੰ ਅੱਗ ਲੱਗੀ,
ਸਮਰਾਲਾ, 6 ਅਪ੍ਰੈਲ ( ਸੁਨੀਲ)-
ਸਮਰਾਲਾ -ਚੰਡੀਗੜ੍ਹ ਹਾਈਵੇ ਦੇ ਦਿਆਲਪੁਰਾ ਫਲਾਈਓਵਰ ਉਪਰ ਫਾਰਚੂਨਰ ਤੇ ਸਕਾਰਪਿਓ ਗੱਡੀ ਵਿਚਾਲੇ ਜਬਰਦਸਤ ਟੱਕਰ ਹੋ ਜਾਣ ਕਾਰਨ ਫਾਰਚੂਨਰ ਗੱਡੀ ਨੂੰ ਲੱਗੀ ਅੱਗ ਕਾਰਨ ਉਸ ਵਿਚ ਸਵਾਰ ਲੁਧਿਆਣਾ ਦੇ ਏ.ਸੀ.ਪੀ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਦੀ ਮੌਤ ਹੋ ਗਈ ਹੈ । ਏ.ਸੀ.ਪੀ ਉਨਾਂ ਦੇ ਗਨਮੈਨ ਅਤੇ ਡਰਾਈਵਰ ਨੂੰ ਬਹੁਤ ਮੁਸ਼ਕਲ ਬਾਹਰ ਕੱਢ ਕੇ ਹਸਪਤਾਲ ਪਹੰੁਚਾਇਆ ਗਿਆ, ਜਿੱਥੇ ਡਾਕਟਰਾਂ ਨੇ ਡੀ.ਸੀ.ਪੀ. ਸੰਦੀਪ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਪਰਮਜੋਤ ਸਿੰਘ ਨੂੰ ਮਿ੍ਰਤਕ ਐਲਾਨ ਦਿੱਤਾ। ਜਦਕਿ ਸਰਕਾਰੀ ਡਰਾਇਵਰ ਗੁਰਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੈ, ਉਹ ਲੁਧਿਆਣਾ ਦੇ ਡੀ.ਐੱਮ.ਸੀ. ਲਈ ਰੈਫਰ ਕਰ ਦਿੱਤਾ ਗਿਆ।
2016 ਬੈਚ ਦੇ ਅਧਿਕਾਰੀ ਸੰਦੀਪ ਸਿੰਘ ਦੇਰ ਰਾਤ ਆਪਣੀ ਫਾਰਚੂਨਰ ਗੱਡੀ ’ਚ ਚੰਡੀਗੜ ਤੋਂ ਲੁਧਿਆਣਾ ਪਰਤ ਰਹੇ ਸਨ। ਗੱਡੀ ਨੂੰ ਪੁਲਸ ਕਰਮਚਾਰੀ ਗੁਰਪ੍ਰੀਤ ਸਿੰਘ ਚਲਾ ਰਿਹਾ ਸੀ ਅਤੇ ਅਗਲੀ ਸੀਟ ’ਤੇ ਗੰਨਮੈਨ ਪਰਮਜੋਤ ਸਿੰਘ ਬੈਠਾ ਸੀ। ਦਿਆਲਪੁਰਾ ਫਲਾਈ ਓਵਰ ’ਤੇ ਸਾਹਮਣਿਓ ਆ ਰਹੀ ਸਕਾਰਪਿਓ ਗੱਡੀ ਨਾਲ ਇਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ ਅਤੇ ਦੋਵੇਂ ਗੱਡੀਆਂ ਦੇ ਡਿਵਾਇਡਰ ਨਾਲ ਟਕਰਾਉਣ ਤੋਂ ਬਾਅਦ ਫਾਰਚੂਨਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਵਿਚੋਂ ਏ.ਸੀ.ਪੀ. ਸੰਦੀਪ ਸਿੰਘ ਅਤੇ ਉਨ੍ਹਾਂ ਦੇ ਸਟਾਫ਼ ਨੂੰ ਬਾਹਰ ਕੱਢਿਆ ਗਿਆ। ਫਾਇਰ ਬਿ੍ਰਗੇਡ ਨੇ ਪਹੰੁਚ ਕੇ ਫਾਰਚੂਨਰ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ।
ਇਸ ਭਿਆਨਕ ਹਾਦਸੇ ਲਈ ਜਿੰਮੇਵਾਰ ਸਕਾਰਪਿਓ ਗੱਡੀ ਦਾ ਚਾਲਕ ਹਾਦਸੇ ਤੋਂ ਬਾਅਦ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਸੀ ਜਿਸ ਕਾਰਨ ਇਸ ਦੇ ਚਾਲਕ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ।ਫਿਲਹਾਲ ਸਮਰਾਲਾ ਪੁਲਿਸ ਨੇ ਅਣਪਛਾਤੇ ਚਾਲਕ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।