ਸਮਰਾਲਾ ਵਿਖੇ ਬਾਇਓਗੈਸ ਪਲਾਂਟ ਨੂੰ ਤਾਲਾ ਲਗਵਾਉਣ ਲਈ 10 ਪਿੰਡਾਂ ਦੇ ਲੋਕ ਵਲੋਂ ਪੱਕਾ ਧਰਨਾ ਸ਼ੁਰੂ


ਸਮਰਾਲਾ, 3 ਅਪ੍ਰੈਲ( ਸੁਨੀਲ )-

-ਇਥੋਂ ਨੇੜਲੇ ਪਿੰਡ ਮੁਸ਼ਕਾਬਾਦ ਵਿਖੇ ਲੱਗ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ਵਿੱਚ ਪਿੰਡ ਮੁਸ਼ਕਾਬਾਦ, ਖੀਰਨੀਆਂ ਅਤੇ ਟੱਪਰਿਆ ਦੇ ਵਸਨੀਕਾਂ ਵੱਲੋਂ ਆਪਣਾ ਸੰਘਰਸ਼ ਹੋਰ ਤੇਜ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾ ‘ਸਾਡੇ ਘਰ ਤੇ ਸਾਡੇ ਪਿੰਡ ਵਿਕਾਊ’ ਦੇ ਪੋਸਟਰ ਲਗਾਉਣ ਵਾਲੇ ਇਨ੍ਹਾਂ ਤਿੰਨ ਪਿੰਡਾਂ ਦੇ ਸੰਘਰਸ਼ ਵਿਚ ਅੱਜ ਆਸ-ਪਾਸ ਦੇ ਕਈ ਹੋਰ ਪਿੰਡ ਸ਼ਾਮਲ ਹੋ ਗਏ ਹਨ। ਹਾਲਾਕਿ ਦੋ ਸਾਲ ਤੋਂ ਲੱਗ ਰਹੀ ਇਸ ਫੈਕਟਰੀ ਦੇ ਵਿਰੋਧ ਵਿਚ ਇਨ੍ਹਾਂ ਪਿੰਡਾਂ ਦੇ ਲੋਕ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ, ਪ੍ਰੰਤੂ ਹੁਣ ਕੋਈ ਹੱਲ ਨਾ ਨਿਕਲਦਾ ਵੇਖ ਪਿੰਡਾਂ ਦੇ ਲੋਕ ਟਰੈਕਟਰ-ਟਰਾਲੀਆਂ ਵਿਚ ਖਾਣ ਪੀਣ ਦਾ ਸਾਮਾਨ ਅਤੇ ਹੋਰ ਰਾਸ਼ਨ ਭਰ ਕੇ ਲੁਧਿਆਣਾ-ਚੰਡੀਗੜ੍ਹ ਹਾਈਵੇ ’ਤੇ ਲੈ ਆਏ ਅਤੇ ਉੱਥੇ ਪੱਕੇ ਧਰਨੇ ’ਤੇ ਬੈਠ ਗਏ ਹਨ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਐਲਾਨ ਕਰ ਦਿੱਤਾ ਹੈ, ਕਿ ਫੈਕਟਰੀ ਬੰਦ ਕਰਨ ਦੀ ਮੰਗ ਨੂੰ ਲੈ ਕੇ ਭਾਵੇ ਉਹ ਪਹਿਲਾ ਵੀ ਅਨੇਕਾਂ ਧਰਨੇ ਲੱਗਾ ਚੁੱਕੇ ਹਨ, ਪਰ ਹੁਣ ਇਹ ਧਰਨਾ ਉਦੋਂ ਹੀ ਚੁੱਕਿਆ ਜਾਵੇਗਾ, ਜਦੋਂ ਫੈਕਟਰੀ ਨੂੰ ਪੱਕੇ ਤੌਰ ’ਤੇ ਤਾਲੇ ਲੱਗ ਜਾਣਗੇ। 

 


       ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਅਤੇ ਪ੍ਰਦੂਸ਼ਣ ਕਾਫੀ ਜਿਆਦਾ ਵੱਧ ਜਾਵੇਗਾ। ਇਸ ਨਾਲ ਉਨ੍ਹਾਂ ਦਾ ਜਿਊਣਾ ਮੁਸ਼ਕਲ ਹੋ ਜਾਵੇਗਾ। ਇਸ ਧਰਨੇ ’ਚ ਕਿਸਾਨ ਅਤੇ ਸਿਆਸੀ ਆਗੂ ਵੀ ਪੁੱਜੇ। ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਆਗੂ ਵੀ ਸਾਮਲ ਹੋਏ। ਪ੍ਰਦਰਸਨਕਾਰੀਆਂ ਨੇ ਕਿਹਾ ਕਿ ਇਸ ਪਲਾਂਟ ਦੇ ਬਣਨ ਨਾਲ ਉਨ੍ਹਾਂ ਦੇ ਇਲਾਕੇ ’ਚ ਪ੍ਰਦੂਸਣ ਦਾ ਪੱਧਰ ਵਧੇਗਾ। ਜਦਕਿ ਪਹਿਲਾ ਉਨ੍ਹਾਂ ਦਾ ਪੂਰਾ ਇਲਾਕਾ ਗ੍ਰੀਨ ਜੋਨ ’ਚ ਹੈ। ਪਲਾਂਟ ਤੋਂ ਸਾਰੇ ਪਿੰਡਾਂ ਦਾ ਪਾਣੀ ਪ੍ਰਦੂਸ਼ਿਤ ਹੋ ਜਾਵੇਗਾ ਅਤੇ ਬਿਮਾਰੀਆਂ ਫੈਲਣ ਦਾ ਡਰ ਰਹੇਗਾ। ਕੁੱਝ ਦੂਰੀ ’ਤੇ ਰਿਹਾਇਸੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਕਾਰਨ ਉਹ ਕਿਸੇ ਵੀ ਕੀਮਤ ’ਤੇ ਪਲਾਂਟ ਨਹੀਂ ਲੱਗਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਤਰੱਕੀ ਕਰਨਾ ਚਾਹੁੰਦੀ ਹੈ ਤਾਂ ਉਦਯੋਗਿਕ ਖੇਤਰ ’ਚ ਅਜਿਹੇ ਪਲਾਂਟ ਲਾਏ ਜਾਣ। ਬਾਕੀ ਪਏ ਉਦਯੋਗ ਚਾਲੂ ਕੀਤੇ ਜਾਣ, ਇਹ ਤਾਂ ਲੋਕਾਂ ਨੂੰ ਮਾਰਨ ਦੀ ਨੀਤੀ ਹੈ। ਲੋਕਾਂ ਨੇ ਕਿਹਾ ਕਿ ਪੱਕੇ ਤੌਰ ’ਤੇ ਮੁੱਖ ਹਾਈਵੇਅ ਰੋਕ ਲਿਆ ਗਿਆ ਹੈ ਅਤੇ ਇਹ ਵੁਦੋਂ ਹੀ ਖੋਲਿਆ ਜਾਵੇਗਾ, ਜੇਕਰ ਪਲਾਂਟ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਾ ਕੇ ਇਸ ਨੂੰ ਸ਼ਿਫਟ ਕੀਤਾ ਜਾਂਦਾ ਹੈ।

 


      ਇਸ ਧਰਨੇ ’ਚ ਸਮਰਾਲਾ ਹਲਕਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਟੀਮ ਦੇ ਨਾਲ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਮਿੰਟੂ ਗਰੇਵਾਲ ,ਲਾਲਾ ਮੰਗਤ ਰਾਏ ਮਾਲਵਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀਆਂ ਅਤੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਕਿ ਇਹ ਫੈਕਟਰੀ ਕਿਸੇ ਵੀ ਹਾਲਤ ’ਚ ਨਹੀਂ ਚੱਲੇਗੀ।    

ਇਹਨਾਂ ਪਿੰਡਾਂ ਦੇ ਸੰਘਰਸ਼ ਵਿੱਚ  ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰ ਬਲਾਕ ਪ੍ਰਧਾਨ ਮੋਹਨ ਸਿੰਘ  ਬਾਲਿਊ ਪੀ ਆਪਣੇ ਸਾਥੀਆਂ ਨਾਲ ਟਰੈਕਟਰ  ਟਰਾਲੀਆਂ ਲੈ ਕੇ ਸ਼ਾਮਿਲ ਹੋ ਗਏ ਹਨ ਉਹਨਾਂ ਕਿਹਾ ਕਿ ਉਹ ਇਸ ਅਣਮਿਥੇ ਸਮੇਂ ਦੇ ਧਰਨੇ ਲਈ ਲੰਗਰ ਦਾ ਸਮਾਨ ਨਾਲ ਲੈ ਕੇ ਆਏ ਹਨ ਅਤੇ ਇਸ ਫੈਕਟਰੀ ਦੇ ਬੰਦ ਹੋ ਜਾਣ ਤੱਕ ਲੁਧਿਆਣਾ ਚੰਡੀਗੜ੍ਹ ਹਾਈਵੇ ਜਾਮ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ

 

 



ਪ੍ਰਸਾਸ਼ਨ ਸਿਰਫ ਝੂਠੇ ਭਰੋਸੇ ਦਿੰਦਾ ਰਿਹਾ: ਸਰਪੰਚ ਲਵਲੀ

 


ਇਸ ਮੌਕੇ ਪਿੰਡ ਮੁਸਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਲਵਲੀ ਨੇ ਦੱਸਿਆ ਕਿ, ਪਿੰਡ ਦੀ ਪੰਚਾਇਤ ਕਰੀਬ 2 ਸਾਲਾਂ ਤੋਂ ਸਾਡੇ ਪਿੰਡ ਵਿੱਚ ਬਾਇਓ ਗੈਸ ਫੈਕਟਰੀ ਲਾਉਣ ਦਾ ਵਿਰੋਧ ਕਰ ਰਹੀ ਹੈ। ਅਨੇਕਾਂ ਵਾਰ ਪ੍ਰਸਾਸ਼ਨ ਨਾਲ ਵੀ ਗੱਲ ਹੋਈ, ਪਰ ਅਧਿਕਾਰੀ ਉਨ੍ਹਾਂ ਨੂੰ ਸਿਰਫ ਝੂਠੇ ਭਰੋਸੇ ਹੀ ਦਿੰਦੇ ਰਹੇ ਅਤੇ ਅੰਦਰੋ-ਅੰਦਰੀ ਫੈਕਟਰੀ ਦਾ ਕੰਮ ਅੱਗੇ ਵਧਦਾ ਗਿਆ। ਪ੍ਰੰਤੂ ਹੁਣ ਲੋਕ ਕਿਸੇ ਭਰੋਸੇ ਦਾ ਯਕੀਨ ਨਹੀਂ ਕਰਨਗੇ ਅਤੇ ਫੈਕਟਰੀ ਬੰਦ ਕਰਵਾਕੇ ਹੀ ਧਰਨੇ ਤੋਂ ਉੱਠਣਗੇ। 
ਬਾਕਸ ਲਈ
‘ਪਿੰਡ ਵਿਕਾਊ ਹਨ’ ਦੇ ਪੋਸਟਰ ਕਿਊ ਲਗਾਉਣੇ ਪਏ
ਸੰਘਰਸ਼ ਕਰ ਰਹੇ ਲੋਕਾਂ ਨੇ ਦੱਸਿਆ ਕਿ, ਉਨ੍ਹਾਂ ਨੂੰ ਪਿੰਡ ਦੇ ਮੇਨ ਰਸਤਿਆਂ ਅਤੇ ਘਰਾਂ ਦੇ ਬਾਹਰ ਘਰ ਅਤੇ ਪਿੰਡ ਵਿਕਾਊ ਹਨ ਦੇ ਇਹ ਪੋਸਟਰ ਲਗਾਉਣ ਦੀ ਲੋੜ ਇਸ ਲਈ ਪਈ ਹੈ ਕਿਉਂਕਿ ਜੇਕਰ ਸਾਡੇ ਪਿੰਡ ਵਿੱਚ ਬਾਇਓਗੈਸ ਫੈਕਟਰੀ ਕੰਮ ਕਰਨ ਲੱਗਦੀ ਹੈ ਤਾਂ ਸਾਡੇ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਦੋ ਪਿੰਡ ਟੱਪਰੀਆ ਅਤੇ ਖੀਰਨੀਆਂ ਜੋ ਅੱਜ ਗਰੀਨ ਬੈਲਟ ਵਜੋਂ ਮਸਹੂਰ ਹਨ, ਉਨ੍ਹਾਂ ਦੀ ਹਵਾ ਅਤੇ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਫਿਰ ਇਹ ਪਿੰਡ ਵਾਸੀਆਂ ਦੀ ਸਿਹਤ ਲਈ ਵੀ ਖਤਰਨਾਕ ਸਾਬਤ ਹੋਵੇਗਾ ਅਤੇ ਮਨੁੱਖੀ ਜੀਵਨ ਜਿਊਣ ਯੋਗ ਨਹੀਂ ਰਹੇਗਾ।



ਸਾਥ ਦੇਣ ਵਾਲੀਆ ਪਾਰਟੀਆਂ ਨੂੰ ਹੀ ਪਿੰਡਾਂ ਵਿਚ ਵੜਨ ਦੇਵਾਂਗੇ

 


ਸਮਰਾਲਾ ਦੇ ਦਿਆਲਪੁਰਾ ਬਾਈਪਾਸ ’ਤੇ ਧਰਨੇ ਉੱਤੇ ਬੈਠੇ ਪਿੰਡਾਂ ਦੇ ਲੋਕਾਂ ਨੇ ਐਲਾਨ ਕੀਤਾ ਕਿ, ਜਿਹੜੀਆਂ ਸਿਆਸੀ ਪਾਰਟੀਆਂ ਸਾਡੇ ਪਿੰਡਾਂ ਦੇ ਮੁੱਦੇ ’ਤੇ ਗੰਭੀਰਤਾ ਨਾਲ ਸਾਡੀ ਹਮਾਇਤ ਕਰਦੀਆਂ ਹਨ, ਉਹ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਚੋਣ ਪ੍ਰਚਾਰ ਲਈ ਸਾਡੇ ਪਿੰਡ ਆਉਣਗੀਆਂ ਅਤੇ ਜਿਹੜੀਆਂ ਸਿਆਸੀ ਪਾਰਟੀਆਂ ਸਾਡਾ ਸਾਥ ਨਹੀਂ ਦਿੰਦੀਆਂ ਉਨ੍ਹਾਂ ਨੂੰ ਅਸੀਂ ਸਾਡੇ ਪਿੰਡ ਅੰਦਰ ਆਉਣ ਨਹੀਂ ਦੇਵਾਂਗੇ।
ਫੋਟੋ ਕੈਪਸਨ- ਸਮਰਾਲਾ ਦਿਆਲਪੁਰਾ ਬਾਈਪਾਸ ’ਤੇ ਗੈਸ ਫੈਕਟਰੀ ਬੰਦ ਕਰਨ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਲੋਕ। (ਗਰਗ)
ਫੋਟੋ ਫਾਈਲ:03ਸੀਐਚਡੀ01ਸਮਰਾਲਾ

Related Articles