ਪੰਜਾਬ ਦੀ 'ਆਪ' ਸਰਕਾਰ ਨੇ ਮਾਰਕਿਟ ਕਮੇਟੀਆਂ ਨੂੰ ਪ੍ਰਾਈਵੇਟ ਸਿਲੋਜ਼ ਦੇ ਹੱਕ 'ਚ ਬੰਦ ਕਰਕੇ ਮੋਦੀ ਦੇ ਤਿੰਨ ਖੇਤੀ ਕਾਨੂੰਨਾਂ 'ਚੋਂ ਇੱਕ ਲਾਗੂ ਕੀਤਾ ਹੈ-ਡਾ: ਅਮਰ ਸਿੰਘ

 

-ਸਾਬਤ ਹੋਇਆ ਕਿ ਆਪ ਦੀ ਸਰਕਾਰ ਭਾਜਪਾ ਚਲਾ ਰਹੀ -

ਸਮਰਾਲਾ, 2 ਅਪ੍ਰੈਲ( ਗੋਪਾਲ ਸੋਫਤ)- ਪੰਜਾਬ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਡਾ: ਅਮਰ ਸਿੰਘ ਨੇ   ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਿਲੋਜ਼ ਦੇ ਹੱਕ ਵਿੱਚ 26 ਮਾਰਕੀਟ ਕਮੇਟੀਆਂ ਨੂੰ ਬੰਦ ਕਰਨ ਦੇ ਹੁਕਮਾਂ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ 'ਆਪ' ਜੋ 5 ਮਿੰਟ 'ਚ ਸਾਰੀਆਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਗੱਲ ਕਰਦੀ ਸੀ, ਨੇ ਅੱਜ ਮੋਦੀ ਦੇ ਤਿੰਨ ਖੇਤੀ ਕਾਨੂੰਨਾਂ 'ਚੋਂ ਇਕ ਨੂੰ ਪੰਜਾਬ 'ਚ ਚੋਰ ਦਰਵਾਜ਼ੇ ਰਾਹੀਂ ਲਾਗੂ ਕਰ ਦਿੱਤਾ ਹੈ। ਅਜਿਹਾ ਕਰਨ  ਕਰਕੇ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਸੂਬਾ ਸਰਕਾਰ ਭਾਜਪਾ ਦੁਆਰਾ ਚਲਾਈ ਜਾ ਰਹੀ ਹੈ।

ਡਾ: ਸਿੰਘ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਮੰਡੀਆਂ ਦੇ ਨਿੱਜੀਕਰਨ ਅਤੇ ਕਿਸਾਨਾਂ ਤੋਂ ਸਿੱਧੇ ਨਿੱਜੀ ਕੰਪਨੀਆਂ ਨੂੰ ਖਰੀਦ ਕਰਨ ਦੀ ਇਜਾਜ਼ਤ ਦੇਣ ਸਬੰਧੀ ਖੇਤੀ ਕਾਨੂੰਨਾਂ ਨੂੰ ਮੂਲ ਰੂਪ ਵਿੱਚ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀ ਸਿਰਫ਼ ਕਿਸਾਨਾਂ ਤੱਕ ਹੀ ਸੀਮਤ ਨਹੀਂ ਹੈ, ਆੜ੍ਹਤੀਆਂ, ਮੰਡੀ ਮਜ਼ਦੂਰਾਂ, ਟਰੱਕ ਡਰਾਈਵਰਾਂ ਅਤੇ ਹੋਰ ਬਹੁਤ ਸਾਰੇ ਲੋਕ ਇਸ 'ਤੇ ਨਿਰਭਰ ਹਨ ਅਤੇ ਉਹਨਾਂ ਦੀ ਰੋਟੀ ਰੋਜੀ ਦਾ ਵੀ ਇਹ ਮੰਡੀਆਂ ਹੀ ਵੱਡਾ ਸਾਧਨ ਹਨ। ਇਹ ਹੁਕਮ ਆਖਰਕਾਰ ਉਨ੍ਹਾਂ ਸਾਰੀਆਂ ਨਿਰਭਰ ਉਪਜੀਵਕਾਵਾਂ ਨੂੰ ਵੀ ਖਤਮ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਅੱਜ  ਅਜਿਹੇ 26  ਸਥਾਨ ਹਨ  ਅਤੇ ਪੰਜਾਬ ਸਰਕਾਰ ਨੂੰ ਹੋਰ ਮੰਡੀਆਂ ਬੰਦ ਕਰਨ ਤੋਂ  ਕਿਸੇ ਨੇ ਕੀ ਰੋਕਣਾ ਹੈ। ਉਨ੍ਹਾਂ ‘ਆਪ’ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦੀ ਨਿਖੇਧੀ ਕੀਤੀ ਕਿਉਂਕਿ ਇਸ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਖੇਤੀ ਅਰਥਵਿਵਸਥਾ ਵਿੱਚ ਦਾਖਲਾ ਦੇਣ ਸਿਵਾਏ ਕਿਸੇ ਵੀ ਵਰਗ ਨੂੰ ਕੋਈ ਲਾਭ ਨਹੀਂ ਹੋਵੇਗਾ

Related Articles