ਸ਼ੰਭੂ ਰੇਲਵੇ ਲਾਈਨ ਤੇ ਕਿਸਾਨਾਂ ਦਾ ਧਰਨਾ ਅੱਜ ਪੰਜਵੇਂ ਦਿਨ ਵੀ ਰਿਹਾ ਜਾਰੀ
- by News & Facts 24
- 21 Apr, 24
ਜੋ ਕਹਿੰਦੇ ਨੇ ਲਾਈਨਾਂ ਤੇ ਬੈਠਣ ਨਾਲ ਕੁਝ ਨਹੀਂ ਹੋਣਾ ਇਹਨਾਂ ਲਾਈਨਾਂ ਤੋਂ ਹੀ ਰਿਹਾ ਕਰਵਾ ਕੇ ਲਿਆਵਾਂਗੇ ਆਪਣੇ ਨੌਜਵਾਨ:- ਪੰਧੇਰ
ਸ਼ੰਭੂ ਬਾਰਡਰ 21 ਅਪ੍ਰੈਲ (ਗੁਰਪ੍ਰੀਤ ਧੀਮਾਨ)
ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਕਿਸਾਨ ਆਗੂਆਂ ਦੀ ਰਿਹਾਈ ਦੇ ਲਈ ਸ਼ੰਭੂ ਰੇਲਵੇ ਲਾਈਨ ਤੇ ਕਿਸਾਨਾਂ ਦਾ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਦੇ ਵੱਲੋਂ ਨਵਦੀਪ ਜਲਵੇੜਾ, ਅਨੀਸ਼ ਖੜਖੜ ਗੁਰਕੀਰਤ ਸਿੰਘ ਦੀ ਰਿਹਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤੀ ਅਤੇ ਕਿਸਾਨਾਂ ਦੇ ਦੋਨੋਂ ਫੋਰਮਾਂ ਦੇ ਵੱਲੋਂ ਸ਼ੰਭੂ ਰੇਲਵੇ ਲਾਈਨ ਦੇ ਉੱਪਰ ਅਨਿਸ਼ਚਿਤ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਅੱਜ ਸਟੇਜ ਤੇ ਰੇਲਵੇ ਲਾਈਨਾਂ ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਸਰਬਨ ਸਿੰਘ ਪੰਧੇਰ ਨੇ ਕਿਹਾ ਕਿ ਚੋਣ ਕਮਿਸ਼ਨ ਵੀ ਹੁਣ ਭਾਜਪਾ ਦੀ ਕਠਪੁਤਲੀ ਬਣ ਗਿਆ ਹੈ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਸੁਪਰੀਮ ਕੋਰਟ ਦੇ ਜੱਜ, ਪ੍ਰਧਾਨ ਮੰਤਰੀ,,ਵਿਰੋਧੀ ਧਿਰ ਦੇ ਨੇਤਾ ਚੁਣਦੇ ਸਨ ਪ੍ਰੰਤੂ ਹੁਣ ਕਾਨੂੰਨ ਮੰਤਰੀ ਪ੍ਰਧਾਨ ਮੰਤਰੀ ਤੇ ਵਿਰੋਧੀ ਧੀਰ ਦੇ ਨੇਤਾ ਚੁਣਦੇ ਹਨ ਅਤੇ ਦੋ ਵੋਟਾਂ ਜਿਆਦਾ ਹੋਣ ਕਾਰਨ ਚੋਣ ਕਮਿਸ਼ਨ ਵੀ ਭਾਜਪਾ ਦੇ ਹੱਕ ਵਿੱਚ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਭਾਵੇਂ ਨਸ਼ਾ ਵਿਕਦਾ ਰਹੇ ,ਲੋਕਾਂ ਦੀ ਰੋਜਾਨਾ ਲੁੱਟ ਹੁੰਦੀ ਰਹੇ ,ਹੱਤਿਆਵਾਂ ਹੁੰਦੀਆਂ ਰਹਿਣ ਪੁਲਿਸ ਤਾਂ ਹੁਣ ਕੇਵਲ ਭਾਜਪਾ ਉਮੀਦਵਾਰਾਂ ਦੀ ਰੱਖਿਆ ਕਰਨ ਲਈ ਹੀ ਬਣ ਕੇ ਰਹਿ ਗਈ ਹੈ। ਸਟੇਜ ਤੋਂ ਭਾਜਪਾ ਆਗੂਆਂ ਨੂੰ ਬਹਿਸ ਲਈ ਵੰਗਾਰਦੇ ਹੋਏ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 56 ਇੰਚੀ ਛਾਤੀ ਵਾਲੇ ਅਤੇ ਉਸਦੇ ਪਿੱਛੇ ਖੜੀ ਆਰਐਸਐਸ ਸਾਡੇ ਸਵਾਲਾਂ ਦਾ ਜਵਾਬ ਦੇਵੇ ਜੇ ਪਿਓ ਦੇ ਪੁੱਤ ਹੋ ਸੁਨੀਲ ਜਾਖੜ ਤੇ ਹੋਰ ਭਾਜਪਾ ਆਗੂ 23 ਨੂੰ ਚੰਡੀਗੜ੍ਹ ਆ ਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ। ਉਹਨਾਂ ਕਿਹਾ ਕਿ ਅੱਜ ਜੋ ਪੁਲਿਸ ਦੇ ਅਧਿਕਾਰੀ ਆ ਕੇ ਕਹਿੰਦੇ ਹਨ ਕਿ ਰੇਲਵੇ ਲਾਈਨਾਂ ਤੇ ਬੈਠਣ ਨਾਲ ਕੁਝ ਨਹੀਂ ਹੋਣਾ ਉਹਨਾਂ ਨੂੰ ਦੱਸ ਦਈਏ ਕਿ ਪਿਛਲਾ ਅੰਦੋਲਨ ਜਿਸ ਤੋਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸਨ। ਉਹ ਵੀ ਰੇਲਵੇ ਲਾਈਨਾਂ ਨੇ ਹੀ ਰੱਦ ਕਰਵਾਉਣ ਲਈ ਮਜਬੂਰ ਕੀਤਾ ਸੀ ਅਤੇ ਇਹਨਾਂ ਰੇਲਵੇ ਲਾਈਨਾਂ ਦੇ ਨਾਲ ਹੀ ਅਸੀਂ ਆਪਣੇ ਨੌਜਵਾਨਾਂ ਕਿਸਾਨਾਂ ਨੂੰ ਰਿਹਾ ਕਰਵਾ ਕੇ ਲਿਆਵਾਂਗੇ।
ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ ਹਰਿਆਣਾ ਦੇ ਜੀਂਦ ਦੇ ਵਿੱਚ ਇੱਕ ਵੱਡੀ ਮਹਾ ਪੰਚਾਇਤ ਰੱਖੀ ਹੈ ਜਿਸ ਦੇ ਵਿੱਚ ਅਸੀਂ ਸਾਰੇ ਆਗੂ ਪਹੁੰਚਾਂਗੇ ਅਤੇ ਉਥੋਂ ਹੀ ਅਗਲੀ ਰਣਨੀਤੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਸਾਡੇ ਦੋਨਾਂ ਫੋਰਮਾਂ ਦਾ ਫੈਸਲਾ ਹੈ ਕਿ ਬੈਰੀਕੇਡ ਜਦੋਂ ਸਰਕਾਰ ਚੁੱਕੇਗੀ ਉਦੋਂ ਹੀ ਦਿੱਲੀ ਵੱਲ ਜਾਵਾਂਗੇ ਪ੍ਰੰਤੂ ਸਰਕਾਰ ਨੂੰ ਦੱਸ ਦਈਏ ਕਿ ਜੇਕਰ ਅਸੀਂ ਜਾਣਾ ਹੋਇਆ ਤਾਂ ਤੁਹਾਨੂੰ ਦੱਸ ਕੇ ਜਾਵਾਂਗੇ।
ਉਹਨਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਦਾ ਸਿਰਫ ਮੀਡੀਆ ਦੇ ਵਿੱਚ ਆਪਣੀ ਮਸ਼ਹੂਰੀ ਕਰਨ ਦੇ ਲਈ ਹੀ ਆਉਂਦੇ ਹਨ ਅਤੇ ਮੁਆਵਜ਼ੇ ਦਾ ਐਲਾਨ ਮੀਡੀਆ ਵਿੱਚ ਹੀ ਕਰਦੇ ਨੇ ਜਮੀਨੀ ਪੱਧਰ ਤੇ ਤਾਂ ਕਿੰਨੇ ਕੁ ਲੋਕਾਂ ਨੂੰ ਮੁਆਵਜ਼ਾ ਮਿਲਿਆ ਹੈ ਉਹ ਇਹ ਲੋਕ ਸਭਾ ਚੋਣਾਂ ਉਹਨਾਂ ਨੂੰ ਦੱਸ ਦੇਣਗੀਆਂ ਉਹਨਾਂ ਕਿਹਾ ਕਿ ਪੰਜਾਬ ਦੇ ਆਪ ਦੇ ਆਗੂ ਚਾਹੇ ਸਾਡੇ ਮੁੱਖ ਮੰਤਰੀ ਜਿੰਨਾ ਮਰਜ਼ੀ ਭਾਜਪਾ ਦੇ ਹੱਕ ਵਿੱਚ ਭੁਗਤ ਲੈਣ ਉਹਨਾਂ ਨੂੰ ਪਤਾ ਹੈ ਜਿਵੇਂ ਉਹਨਾਂ ਦਾ ਮੁੱਖੀ ਜੇਲ ਦੇ ਵਿੱਚ ਸੁੱਟਿਆ ਹੈ ਉਵੇਂ ਹੀ ਮੋਦੀ ਤੁਹਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਲ ਵਿੱਚ ਸੁੱਟੇਗਾ। ਉਹਨੇ ਕਿਹਾ ਕਿ ਜੋ ਵੀ ਫੈਸਲਾ ਲੈਣਾ ਹੈ ਕੱਲ ਜੀਂਦ ਦੇ ਵਿੱਚ ਮਹਾ ਪੰਚਾਇਤ ਦੇ ਵਿੱਚ ਲਿਆ ਜਾਵੇਗਾ ਤੇ ਤੁਰੰਤ ਲਾਗੂ ਕੀਤਾ ਜਾਵੇਗਾ।