ਮੁਸ਼ਕਾਬਾਦ 'ਚ ਲੱਗ ਰਹੇ ਬਾਇਓਗੈਸ ਪਲਾਂਟ ਦਾ ਲੋਕਾਂ ਨੇ ਵਿਰੋਧ ਸ਼ੁਰੂ ਕੀਤਾ।
- by News & Facts 24
- 22 Feb, 24
ਲੁਧਿਆਣਾ-ਚੰਡੀਗੜ ਹਾਈਵੇ ਕੀਤਾ ਜਾਮ
ਸਮਰਾਲਾ ’ਚ ਲੱਗ ਰਹੇ ਪਲਾਂਟ ਦੇ ਵਿਰੋਧ ’ਚ ਪਿੰਡਾਂ ਦੇ ਲੋਕ ਤੇ ਕਿਸਾਨ ਆਏ ਸੜ੍ਹਕਾਂ ’ਤੇ
ਸਮਰਾਲਾ, 22 ਫਰਵਰੀ (ਸੁਨੀਲ)
-ਇਥੋਂ ਨੇੜਲੇ ਪਿੰਡ ਮੁਸ਼ਕਾਬਾਦ 'ਚ ਲੱਗ ਰਹੇ ਬਾਇਓਗੈਸ ਪਲਾਂਟ ਦਾ ਲੋਕਾਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਹੈ।
ਪਿੱਛਲੇ ਡੇਢ ਸਾਲ ਤੋਂ ਇਸ ਪਲਾਂਟ ਦਾ ਕੰਮ ਚੱਲ ਰਿਹਾ ਹੈ ਅਤੇ ਪਿੰਡ ਦੇ ਲੋਕ ਇਸ ਨੂੰ ਗੰਭੀਰ ਖਤਰਾ ਮੰਨਦੇ ਹੋਏ ਉਸ ਵੇਲੇ ਤੋਂ ਹੀ ਇਸ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ, ਪ੍ਰੰਤੂ ਹੁਣ ਇਸ ਪਲਾਂਟ ਨੂੰ ਤੁਰੰਤ ਇਸ ਥਾਂ ਤੋਂ ਸਿਫ਼ਟ ਕਰਨ ਦੀ ਜਿੱਦ ’ਤੇ ਅੜੇ ਪਿੰਡ ਮੁਸ਼ਕਾਬਾਦ ਅਤੇ ਆਸ-ਪਾਸ ਦੇ ਹੋਰ ਪਿੰਡਾਂ ਦੇ ਲੋਕਾਂ ਨੇ ਇੱਕਠੇ ਹੋਕੇ ਅੱਜ ਸਵੇਰ ਤੋਂ ਹੀ ਸਮਰਾਲਾ ਨੇੜ ਲੁਧਿਆਣਾ-ਚੰਡੀਗੜ ਨੈਸ਼ਨਲ ਹਾਈਵੇ ਜਾਮ ਕੀਤਾ ਹੋਇਆ ਹੈ।
ਕੁਝ ਕਿਸਾਨ ਜਥੇਬੰਦੀਆਂ ਵੀ ਪਿੰਡ ਵਾਸੀਆਂ ਦੀ ਹਮਾਇਤ ਵਿਚ ਆ ਗਈਆਂ ਹਨ ਅਤੇ ਉਨ੍ਹਾਂ ਨੇ ਵੀ ਧਰਨੇ ਵਿਚ ਸ਼ਾਮਲ ਹੋਕੇ ਐਲਾਨ ਕਰ ਦਿੱਤਾ ਹੈ, ਕਿ ਪਲਾਂਟ ਦਾ ਕੰਮ ਬੰਦ ਕਰਵਾਏ ਬਿਨ੍ਹਾਂ ਉਹ ਧਰਨਾ ਖਤਮ ਨਹੀਂ ਕਰਨਗੇ। ਅੱਜ ਸਵੇਰ ਤੋਂ ਹੀ ਸਥਾਨਕ ਪ੍ਰਸਾਸ਼ਨ ਪ੍ਰਦਸ਼ਣਕਾਰੀਆਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕਰ ਰਿਹਾ ਹੈ, ਪਰ ਦੇਰ ਸ਼ਾਮ ਤੱਕ ਵੀ ਧਰਨਕਾਰੀ ਸੜਕ ’ਤੇ ਹੀ ਡੱਟੇ ਰਹੇ।
ਧਰਨੇ ’ਤੇ ਬੈਠੇ ਪਿੰਡ ਮੁਸ਼ਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਲਵਲੀ ਨੇ ਦੱਸਿਆ ਕਿ, ਇਸ ਗੈਸ ਪਲਾਂਟ ਦੇ ਲੱਗ ਜਾਣ ਨਾਲ ਪਿੰਡ ਦੇ ਲੋਕਾਂ ਦਾ ਜਿਉਣਾ ਹੀ ਦੁਭਰ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਬਾਇਓਗੈਸ ਪਲਾਂਟ ਦਾ ਡੇਢ ਸਾਲ ਪਹਿਲਾ ਕੰਮ ਸ਼ੁਰੂ ਹੋਣ ਵੇਲੇ ਹੀ ਪਿੰਡ ਦੇ ਲੋਕਾਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ ਅਤੇ ਪ੍ਰਸਾਸ਼ਨ ਵੱਲੋਂ ਇਸ ਦਾ ਕੰਮ ਵੀ ਬੰਦ ਕਰਵਾ ਦਿੱਤਾ ਸੀ। ਪ੍ਰੰਤੂ ਹੁਣ ਮੁੜ ਪਲਾਂਟ ਨੂੰ ਚਾਲੂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਪਿੰਡ ਸਮੇਤ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਵਿਰੋਧ ਲਈ ਸੜ੍ਹਕਾਂ ’ਤੇ ਉੱਤਰ ਆਏ ਹਨ।
ਅੱਜ ਲੋਕਾਂ ਦੀ ਹਮਾਇਤ ਵਿਚ ਆਈਆਂ ਕਿਸਾਨ ਜਥੇਬੰਦੀਆਂ ਨੇ ਇਸ ਬਾਇਓਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਪੱਕਾ ਮੋਰਚਾ ਲਾਉਣ ਦਾ ਵੀ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂ ਹਰਦੀਪ ਸਿੰਘ ਨੇ ਆਖਿਆ ਕਿ, ਉਨ੍ਹਾਂ ਦੀ ਜਥੇਬੰਦੀ ਲੋਕਾਂ ਦੇ ਨਾਲ ਡੱਟ ਕੇ ਖੜੀ ਹੈ ਅਤੇ ਜੇਕਰ ਪ੍ਰਸਾਸ਼ਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਇਸ ਪਲਾਂਟ ਦਾ ਕੰਮ ਬੰਦ ਰਖਵਾਉਣ ਲਈ ਪੱਕਾ ਮੋਰਚਾ ਲਾ ਦੇਣਗੇ।
ਪ੍ਰਸਾਸ਼ਨ ਲੋਕਾਂ ਨੂੰ ਸਮਝਾਉਣ ਵਿਚ ਰਿਹਾ ਅਸਫਲ
ਦੋ ਦਿਨ ਪਹਿਲਾ ਵੀ ਪਿੰਡ ਦੇ ਲੋਕਾਂ ਵੱਲੋਂ ਬਾਇਓਗੈਸ ਪਲਾਂਟ ਦਾ ਕੰਮ ਮੁੜ ਸ਼ੁਰੂ ਹੋਣ ਦੇ ਵਿਰੋਧ ਵਿਚ ਧਰਨਾ ਦਿੱਤਾ ਸੀ। ਪ੍ਰਸਾਸ਼ਨਿਕ ਅਧਿਕਾਰੀ ਲੋਕਾਂ ਨੂੰ ਵਾਰ-ਵਾਰ ਸਮਝਾਉਂਦੇ ਰਹੇ ਕਿ, ਇਸ ਪਲਾਂਟ ਦੇ ਲੱਗਣ ਨਾਲ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਜਾ ਹੋਰ ਕੋਈ ਖਤਰਾ ਨਹੀਂ ਹੈ। ਪ੍ਰੰਤੂ ਫਿਰ ਵੀ ਲੋਕ ਇਸ ਜਿੱਦ ’ਤੇ ਹੀ ਅੜੇ ਹੋਏ ਹਨ, ਕਿ ਇਹ ਪਲਾਂਟ ਇਥੋਂ ਤਬਦੀਲ ਕੀਤਾ ਜਾਵੇ, ਕਿਊਕਿ ਇਸ ਨਾਲ ਪ੍ਰਦੂਸ਼ਣ ਫੈਲੇਗਾ, ਜੋ ਉਨ੍ਹਾਂ ਦੀ ਸਿਹਤ ਅਤੇ ਫ਼ਸਲਾਂ ਦੀ ਪੈਦਾਵਾਰ ਲਈ ਖਤਰਾ ਹੈ।